Close

Strict compliance with Election Commission’s instructions should be ensured during vote counting – Election Observer

Publish Date : 28/05/2026
Strict compliance with Election Commission's instructions should be ensured during vote counting - Election Observer

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਵੋਟਾਂ ਦੀ ਗਿਣਤੀ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ – ਚੋਣ ਅਬਜ਼ਰਵਰ

ਵੋਟਾਂ ਦੀ ਗਿਣਤੀ ਸਬੰਧੀ ਕੀਤੇ ਗਏ ਪ੍ਰਬੰਧਾਂ ਦੀ ਕੀਤੀ ਗਈ ਸਮੀਖਿਆ

ਰੂਪਨਗਰ, 28 ਮਈ: ਚੋਣ ਅਬਜ਼ਰਵਰ ਸ. ਜਗਜੀਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟਾਂ, ਸਮੂਹ ਰਿਟਰਨਿੰਗ/ਸਹਾਇਕ ਰਿਟਰਨਿੰਗ ਅਫ਼ਸਰਾਂ, ਇੰਚਾਰਜ ਚੋਣ ਸ਼ਾਖਾ, ਪੁਲਿਸ ਵਿਭਾਗ ਅਤੇ ਸਮੂਹ ਮਾਈਕਰੋ ਅਬਜ਼ਰਵਰਾਂ ਨਾਲ ਵੋਟਾਂ ਦੀ ਗਿਣਤੀ ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਸ਼ੁਰੂਆਤ ਦੌਰਾਨ ਚੋਣ ਅਬਜ਼ਰਵਰ ਵੱਲੋਂ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਮਾਨਯੋਗ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਵੋਟਾਂ ਦੀ ਗਿਣਤੀ ਸਬੰਧੀ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਵੀਡੀਓਗ੍ਰਾਫੀ, ਸੀ.ਸੀ.ਟੀ.ਵੀ. ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।

ਸ. ਜਗਜੀਤ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ “ਅਮਨਦੀਪ ਸਿੰਘ ਨਾਗੀ ਬਨਾਮ ਸਟੇਟ ਆਫ ਪੰਜਾਬ ਐਂਡ ਅਦਰਜ਼” ਕੇਸ ਦਾ ਹਵਾਲਾ ਦਿੰਦਿਆਂ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਵੋਟਾਂ ਦੀ ਗਿਣਤੀ ਸਮੇਂ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਉਸ ਨੂੰ ਸੁਰੱਖਿਅਤ ਰੱਖਣਾ ਯਕੀਨੀ ਬਣਾਇਆ ਜਾਵੇ।

ਮੀਟਿੰਗ ਦੌਰਾਨ ਕਾਊਂਟਿੰਗ ਸੈਂਟਰਾਂ ਨੂੰ ਕਮਿਸ਼ਨ ਤੋਂ ਮਿਲੀ ਪ੍ਰਵਾਨਗੀ, ਉਥੇ ਕੀਤੇ ਗਏ ਬੁਨਿਆਦੀ ਢਾਂਚਾਗਤ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਦੱਸਿਆ ਗਿਆ ਕਿ ਕਾਊਂਟਿੰਗ ਸੈਂਟਰਾਂ ਦੇ ਸਥਾਨ ਅਤੇ ਗਿਣਤੀ ਸ਼ੁਰੂ ਹੋਣ ਦੇ ਸਮੇਂ ਸਬੰਧੀ ਉਮੀਦਵਾਰਾਂ ਅਤੇ ਚੋਣ ਏਜੰਟਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਦੱਸਿਆ ਗਿਆ ਕਿ ਵੋਟਾਂ ਦੀ ਗਿਣਤੀ ਲਈ ਕਾਊਂਟਿੰਗ ਸੁਪਰਵਾਈਜ਼ਰਾਂ ਅਤੇ ਕਾਊਂਟਿੰਗ ਸਹਾਇਕਾਂ ਦੀ ਨਿਯੁਕਤੀ ਕਰਕੇ ਉਨ੍ਹਾਂ ਨੂੰ 27 ਮਈ 2026 ਨੂੰ ਲੋੜੀਂਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਸਮੂਹ ਆਰ.ਓਜ਼. ਵੱਲੋਂ ਨਿੱਜੀ ਤੌਰ ’ਤੇ ਗਿਣਤੀ ਕੇਂਦਰਾਂ ਦੀ ਜਾਂਚ ਵੀ ਕੀਤੀ ਜਾ ਚੁੱਕੀ ਹੈ। ਮੀਟਿੰਗ ਦੌਰਾਨ ਕਾਊਂਟਿੰਗ ਟੇਬਲਾਂ ਦੇ ਪ੍ਰਬੰਧਾਂ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਚੋਣ ਅਬਜ਼ਰਵਰ ਵੱਲੋਂ ਕਾਊਂਟਿੰਗ ਏਜੰਟਾਂ ਦੀ ਨਿਯੁਕਤੀ ਅਤੇ ਉਨ੍ਹਾਂ ਨੂੰ ਜਾਰੀ ਕੀਤੇ ਜਾਣ ਵਾਲੇ ਪ੍ਰਵੇਸ਼ ਪਾਸਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ, ਜਿਸ ’ਤੇ ਦੱਸਿਆ ਗਿਆ ਕਿ ਸਾਰੇ ਕਾਊਂਟਿੰਗ ਏਜੰਟ ਨਿਯੁਕਤ ਕਰਕੇ ਉਨ੍ਹਾਂ ਨੂੰ ਪਛਾਣ ਪੱਤਰ ਜਾਰੀ ਕਰ ਦਿੱਤੇ ਗਏ ਹਨ।

ਸਮੂਹ ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਾਨਯੋਗ ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਾਊਂਟਿੰਗ ਸੈਂਟਰਾਂ ਅਤੇ ਸਟਰਾਂਗ ਰੂਮਾਂ ਵਿਖੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਮਿਤੀ ਅਤੇ ਸਮੇਂ ਸਮੇਤ ਲਗਾਤਾਰ ਵੀਡੀਓਗ੍ਰਾਫੀ ਲਈ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ ਸਟਰਾਂਗ ਰੂਮਾਂ ਵਿੱਚ ਬਿਨਾਂ ਰੁਕਾਵਟ ਨਿਗਰਾਨੀ ਯਕੀਨੀ ਬਣਾਉਣ ਲਈ ਵੀ ਪ੍ਰਬੰਧ ਮੁਕੰਮਲ ਹਨ।

ਚੋਣ ਅਬਜ਼ਰਵਰ ਵੱਲੋਂ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਗਿਣਤੀ ਕੇਂਦਰਾਂ ਵਿਖੇ ਸਾਰੇ ਪ੍ਰਬੰਧ ਤਰਜੀਹ ਦੇ ਅਧਾਰ ’ਤੇ ਮੁਕੰਮਲ ਕੀਤੇ ਜਾਣ। ਇਸ ਦੇ ਨਾਲ ਹੀ ਗਿਣਤੀ ਕੇਂਦਰਾਂ ਵਿੱਚ ਮਨਾਹੀਸ਼ੁਦਾ ਇਲੈਕਟ੍ਰਾਨਿਕ ਵਸਤਾਂ, ਜਿਵੇਂ ਕਿ ਮੋਬਾਈਲ ਫੋਨ ਆਦਿ, ਜਮ੍ਹਾਂ ਕਰਵਾਉਣ ਲਈ ਵੀ ਯੋਗ ਪ੍ਰਬੰਧ ਕਰਨ ਲਈ ਕਿਹਾ ਗਿਆ ਤਾਂ ਜੋ ਨੂੰ ਵੋਟਾਂ ਦੀ ਗਿਣਤੀ ਦੌਰਾਨ ਕੋਈ ਅਸੁਵਿਧਾ ਪੈਦਾ ਨਾ ਹੋਵੇ।

ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਤੱਕ “ਨੋ ਵਾਹਨ ਜ਼ੋਨ” ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਪੁਲਿਸ ਵਿਭਾਗ ਵੱਲੋਂ ਬੈਰੀਕੇਡਿੰਗ ਦੇ ਪ੍ਰਬੰਧ ਵੀ ਕਰ ਲਏ ਗਏ ਹਨ।

ਚੋਣ ਅਬਜ਼ਰਵਰ ਵੱਲੋਂ ਸਮੂਹ ਰਿਟਰਨਿੰਗ ਅਫ਼ਸਰਾਂ ਨਾਲ ਵੋਟਾਂ ਦੀ ਗਿਣਤੀ ਸਬੰਧੀ ਬੂਥਾਂ ਦੇ ਰਾਊਂਡ-ਵਾਈਜ਼ ਤਿਆਰ ਕੀਤੇ ਗਏ ਪਲਾਨ, ਆਰ.ਓ. ਟੇਬਲਾਂ, ਕਾਊਂਟਿੰਗ ਏਜੰਟਾਂ ਅਤੇ ਉਮੀਦਵਾਰਾਂ ਦੇ ਬੈਠਣ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਪ੍ਰੈੱਸ ਅਤੇ ਮੀਡੀਆ ਕਰਮੀਆਂ ਲਈ ਬੈਠਣ ਅਤੇ ਰਿਫਰੈਸ਼ਮੈਂਟ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।

ਮੀਟਿੰਗ ਦੇ ਅੰਤ ਵਿੱਚ ਚੋਣ ਅਬਜ਼ਰਵਰ ਵੱਲੋਂ ਸਮੂਹ ਐਸ.ਡੀ.ਐਮ. ਅਤੇ ਰਿਟਰਨਿੰਗ ਅਫ਼ਸਰਾਂ ਨੂੰ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਗਿਣਤੀ ਕੇਂਦਰਾਂ ਦੇ ਅੰਦਰ ਅਤੇ ਬਾਹਰ ਠੰਡੇ ਪੀਣ ਵਾਲੇ ਪਾਣੀ ਦੇ ਵਿਸ਼ੇਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਰੇ ਅਧਿਕਾਰੀ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਨਿਸ਼ਠਾ ਨਾਲ ਨਿਭਾਉਣ ਤਾਂ ਜੋ ਵੋਟਾਂ ਦੀ ਗਿਣਤੀ ਦਾ ਕਾਰਜ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਪ੍ਰਦੀਪ ਸਿੰਘ ਬੈਂਸ, ਆਰਟੀਓ ਰਾਜਪਾਲ ਸਿੰਘ ਸੇਖੋਂ, ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ, ਐਸਡੀਐਮ ਮੋਰਿੰਡਾ ਚੇਤਨ ਬੰਗੜ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਸਮੂਹ ਰਿਟਰਨਿੰਗ ਅਫਸਰ (ਆਰਓਜ਼), ਸਮੂਹ ਸਹਾਇਕ ਰਿਟਰਨਿੰਗ ਅਫਸਰ (ਏਆਰਓਜ਼) ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।