Close

Special players are getting a new lease of life with the sports policy of the Punjab government – Deputy Commissioner

Publish Date : 13/07/2026
Special players are getting a new lease of life with the sports policy of the Punjab government - Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਪੰਜਾਬ ਸਰਕਾਰ ਦੀ ਖੇਡ ਨੀਤੀ ਨਾਲ ਸਪੈਸ਼ਲ ਖਿਡਾਰੀਆਂ ਨੂੰ ਮਿਲ ਰਹੀ ਨਵੀਂ ਉਡਾਣ – ਡਿਪਟੀ ਕਮਿਸ਼ਨਰ

ਅੰਬੁਜਾ ਮਨੋਵਿਕਾਸ ਕੇਂਦਰ ਦੇ ਪੰਜ ਸਪੈਸ਼ਲ ਖਿਡਾਰੀਆਂ ਨੂੰ 5.45 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲਣ ‘ਤੇ ਕੀਤਾ ਸਨਮਾਨਿਤ

ਰੂਪਨਗਰ, 13 ਜੁਲਾਈ: ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਪਣਾਈ ਗਈ ਪ੍ਰਗਤੀਸ਼ੀਲ ਖੇਡ ਨੀਤੀ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਰੂਪਨਗਰ ਦੇ ਪਿੰਡ ਸਲੋਰਾ ਵਿਖੇ ਅੰਬੁਜਾ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਅੰਬੁਜਾ ਮਨੋਵਿਕਾਸ ਕੇਂਦਰ ਦੇ ਪੰਜ ਸਪੈਸ਼ਲ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਪੰਜਾਬ ਸਰਕਾਰ ਦੀ ਖੇਡ ਨੀਤੀ ਅਧੀਨ ਕੁੱਲ 5,45,000 ਰੁਪਏ (ਪੰਜ ਲੱਖ ਪੈਂਤਾਲੀ ਹਜ਼ਾਰ ਰੁਪਏ) ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ।

ਇਸ ਮਾਣਮੱਤੀ ਉਪਲਬਧੀ ‘ਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਆਦਿੱਤਿਆ ਡੇਚਲਵਾਲ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਖਿਡਾਰੀਆਂ ਨੂੰ ਅੱਗੇ ਵਧਣ ਲਈ ਬਰਾਬਰ ਦੇ ਮੌਕੇ ਅਤੇ ਪੂਰਾ ਉਤਸ਼ਾਹ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਖੇਡ ਨੀਤੀ ਸਿਰਫ਼ ਆਰਥਿਕ ਸਹਾਇਤਾ ਹੀ ਨਹੀਂ, ਸਗੋਂ ਖਿਡਾਰੀਆਂ ਵਿੱਚ ਨਵਾਂ ਆਤਮ-ਵਿਸ਼ਵਾਸ ਅਤੇ ਉੱਚੇ ਟੀਚੇ ਹਾਸਲ ਕਰਨ ਦਾ ਜਜ਼ਬਾ ਵੀ ਪੈਦਾ ਕਰ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਵਿਆਂਗ ਖਿਡਾਰੀ ਆਪਣੀ ਲਗਨ, ਦ੍ਰਿੜ੍ਹ ਇਰਾਦੇ, ਸਖ਼ਤ ਮਿਹਨਤ ਅਤੇ ਅਟੁੱਟ ਹੌਸਲੇ ਨਾਲ ਇਹ ਸਾਬਤ ਕਰ ਰਹੇ ਹਨ ਕਿ ਸਫ਼ਲਤਾ ਲਈ ਸਰੀਰਕ ਸੀਮਾਵਾਂ ਨਹੀਂ, ਸਗੋਂ ਮਜ਼ਬੂਤ ਇਰਾਦੇ ਅਹਿਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਨਾ ਸਿਰਫ਼ ਰੂਪਨਗਰ ਜ਼ਿਲ੍ਹੇ, ਸਗੋਂ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹਨ ਅਤੇ ਇਹ ਹੋਰ ਨੌਜਵਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹਨ।

ਉਨ੍ਹਾਂ ਦੱਸਿਆ ਕਿ ਸਪੈਸ਼ਲ ਓਲੰਪਿਕਸ ਭਾਰਤ ਵੱਲੋਂ ਜਨਵਰੀ ਤੋਂ ਅਪ੍ਰੈਲ 2024 ਦੌਰਾਨ ਕਰਵਾਏ ਗਏ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਅੰਬੁਜਾ ਮਨੋਵਿਕਾਸ ਕੇਂਦਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਆਪਣੇ ਨਾਮ ਕੀਤੇ।

ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਅੰਬੁਜਾ ਮਨੋਵਿਕਾਸ ਕੇਂਦਰ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਸਾਈਕਲਿੰਗ ਵਿੱਚ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤ ਕੇ 1,25,000 ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕੀਤੀ। ਧਰਮਪ੍ਰੀਤ ਸਿੰਘ ਨੇ ਟੇਬਲ ਟੈਨਿਸ ਅਤੇ ਬਾਸਕਟਬਾਲ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ 80,000 ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ। ਰਮਨਦੀਪ ਕੌਰ ਨੇ ਫਲੋਰਬਾਲ ਅਤੇ ਸਾਈਕਲਿੰਗ ਵਿੱਚ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤ ਕੇ 1,10,000 ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕੀਤੀ। ਰਵੀ ਪੂਰੀ ਨੇ ਪਾਵਰਲਿਫਟਿੰਗ ਅਤੇ ਟੇਬਲ ਟੈਨਿਸ ਵਿੱਚ ਦੋ ਸੋਨ ਤਗਮੇ ਜਿੱਤ ਕੇ 1,50,000 ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਕੀਤੀ, ਜਦਕਿ ਰਮਨਦੀਪ ਸੈਣੀ ਨੇ ਸਾਈਕਲਿੰਗ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ 80,000 ਰੁਪਏ ਦੀ ਇਨਾਮੀ ਰਾਸ਼ੀ ਆਪਣੇ ਨਾਮ ਕੀਤੀ। ਇਸ ਤਰ੍ਹਾਂ ਪੰਜਾਂ ਸਪੈਸ਼ਲ ਖਿਡਾਰੀਆਂ ਨੂੰ ਕੁੱਲ 5.45 ਰੁਪਏ ਲੱਖ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਦੇ ਮਾਪਿਆਂ, ਕੋਚਾਂ ਅਤੇ ਅੰਬੁਜਾ ਮਨੋਵਿਕਾਸ ਕੇਂਦਰ ਦੀ ਸਮੁੱਚੀ ਟੀਮ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਸਦਕਾ ਇਹ ਖਿਡਾਰੀ ਰਾਸ਼ਟਰੀ ਪੱਧਰ ‘ਤੇ ਆਪਣੀ ਵਿਲੱਖਣ ਪਛਾਣ ਬਣਾਉਣ ਵਿੱਚ ਸਫ਼ਲ ਹੋਏ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਮੰਚਾਂ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਹੋਰ ਰੌਸ਼ਨ ਕਰਨਗੇ।

ਇਸ ਮੌਕੇ ਖਿਡਾਰੀਆਂ ਦੇ ਮਾਪਿਆਂ ਅਤੇ ਅੰਬੁਜਾ ਮਨੋਵਿਕਾਸ ਕੇਂਦਰ ਦੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਖਿਡਾਰੀਆਂ ਲਈ ਹੋਰ ਉੱਚੀਆਂ ਪ੍ਰਾਪਤੀਆਂ ਹਾਸਲ ਕਰਨ ਦਾ ਵੱਡਾ ਹੌਸਲਾ ਬਣਦੇ ਹਨ।