Special Monitor of Human Rights Commission Dr. Pradeepta Kumar Naik visits leprosy shelters in Rupnagar district
ਦਫਤਰ ਜ਼ਿਲ੍ਹਾ ਲੋਕ ਸੰਪਰਕ, ਅਫਸਰ ਰੂਪਨਗਰ
ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਮਾਨੀਟਰ ਡਾ. ਪ੍ਰਦੀਪਤਾ ਕੁਮਾਰ ਨਾਇਕ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਕੁਸ਼ਟ ਆਸ਼ਰਮਾਂ ਦਾ ਦੌਰਾ
ਕੂਸਟ ਰੋਗ ਤੋਂ ਪ੍ਰਭਾਵਿਤ ਵਿਅਕਤੀਆਂ ਨਾਲ ਖਾਸ ਗੱਲਬਾਤ ਕੀਤੀ ਅਤੇ ਸਮੱਸਿਆਵਾਂ ਨੂੰ ਸੁਣਿਆ
ਰੂਪਨਗਰ, 28 ਅਗਸਤ: ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਨਵੀਂ ਦਿੱਲੀ ਦੇ ਵਿਸ਼ੇਸ਼ ਮਾਨੀਟਰ ਡਾ. ਪ੍ਰਦੀਪਤਾ ਕੁਮਾਰ ਨਾਇਕ ਵੱਲੋਂ ਕੁਸ਼ਟ ਰੋਗ (ਲੇਪ੍ਰੋਸੀ) ਦੇ ਖਾਤਮੇ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਰੂਪਨਗਰ ਦਾ ਤਿੰਨ ਦਿਨਾਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਕੁਸ਼ਟ ਆਸ਼ਰਮਾਂ ਦਾ ਦੌਰਾ ਕਰਕੇ ਮਰੀਜ਼ਾਂ ਨਾਲ ਵਿਅਕਤੀਗਤ ਤੌਰ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੀ ਪ੍ਰੇਸ਼ਾਨੀਆਂ ਅਤੇ ਸਮੱਸਿਆਵਾਂ ਨੂੰ ਸੁਣਿਆ।
ਇਹ ਵਿਸ਼ੇਸ਼ ਇੱਕ-ਤੋਂ-ਇੱਕ ਸੰਵਾਦ ਪ੍ਰੋਗਰਾਮ ਡਾ. ਪ੍ਰਦੀਪਤਾ ਕੁਮਾਰ ਨਾਇਕ, ਡਾ. ਅਮਨਦੀਪ ਕੌਰ (ਜ਼ਿਲ੍ਹਾ ਕੁਸ਼ਟ ਰੋਗ ਰੋਕੂ ਅਧਿਕਾਰੀ ਅਤੇ ਸਕਿਨ ਸਪੈਸ਼ਲਿਸਟ, ਰੂਪਨਗਰ) ਅਤੇ ਡਾ. ਸੰਦੀਪ ਮਾਵੀ (ਸਰਜਨ) ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਕੁਸ਼ਟ ਰੋਗ ਤੋਂ ਪ੍ਰਭਾਵਿਤ ਵਿਅਕਤੀਆਂ ਵਿੱਚ ਜਾਗਰੂਕਤਾ ਫੈਲਾਉਣਾ, ਉਨ੍ਹਾਂ ਦੀ ਸਮਾਜਿਕ ਸ਼ਮੂਲੀਅਤ ਨੂੰ ਮਜ਼ਬੂਤ ਕਰਨਾ ਅਤੇ ਸਨਮਾਨਜਨਕ ਜੀਵਨ ਦੇ ਅਧਿਕਾਰ ਨੂੰ ਯਕੀਨੀ ਬਣਾਉਣਾ ਸੀ।
ਉਨ੍ਹਾਂ ਗੁਰੂ ਨਾਨਕ ਕੁਸ਼ਟ ਆਸ਼ਰਮ, ਰੂਪਨਗਰ ਰਹਿ ਰਹੇ 37 ਕੁਸ਼ਟ ਰੋਗ ਪ੍ਰਭਾਵਿਤ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਸ੍ਰੀ ਰਾਮ ਕੁਸ਼ਟ ਆਸ਼ਰਮ, ਨੰਗਲ ਵਿਚ ਰਹਿ ਰਹੇ 27 ਪ੍ਰਭਾਵਿਤ ਵਿਅਕਤੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਮਰੀਜ਼ਾਂ ਨੂੰ ਉਨ੍ਹਾਂ ਦੇ ਇੱਜ਼ਤ ਨਾਲ ਜੀਵਨ ਜਿਊਣ ਦੇ ਅਧਿਕਾਰ, ਸਮਾਨਤਾ ਅਤੇ ਸਰਕਾਰੀ ਭਲਾਈ ਸਕੀਮਾਂ ਤੱਕ ਪਹੁੰਚ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਮੌਕੇ ਮਾਹਿਰਾਂ ਵੱਲੋਂ ਦੱਸਿਆ ਗਿਆ ਕਿ ਕੋੜ੍ਹ ਇੱਕ ਪੂਰੀ ਤਰ੍ਹਾਂ ਠੀਕ ਹੋਣ ਵਾਲੀ ਬਿਮਾਰੀ ਹੈ। ਸਮੇਂ ਸਿਰ ਪਛਾਣ ਅਤੇ ਸ਼ੁਰੂਆਤੀ ਦੌਰ ਵਿੱਚ ਇਲਾਜ ਨਾਲ ਨਾ ਸਿਰਫ਼ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ, ਸਗੋਂ ਅਪਾਹਜਤਾ ਤੋਂ ਵੀ ਬਚਿਆ ਜਾ ਸਕਦਾ ਹੈ।
ਸਮਾਜਿਕ ਭੇਦਭਾਵ ਖ਼ਤਮ ਕਰਨ ‘ਤੇ ਜ਼ੋਰ ਦਿੰਦਿਆਂ ਡਾ. ਪ੍ਰਦੀਪਤਾ ਕੁਮਾਰ ਨਾਇਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੁਸ਼ਟ ਰੋਗ ਪ੍ਰਭਾਵਿਤ ਵਿਅਕਤੀਆਂ ਪ੍ਰਤੀ ਸਮਾਜ ਵਿੱਚ ਦਇਆ, ਸਵੀਕਾਰਤਾ ਅਤੇ ਸਮਝਦਾਰੀ ਦੀ ਲੋੜ ਹੈ। ਇਹ ਬਿਮਾਰੀ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਤਿਰਸਕਾਰ ਦਾ ਕਾਰਨ ਨਹੀਂ ਬਣਨੀ ਚਾਹੀਦੀ।
ਇਸ ਮੁਹਿੰਮ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੁਸ਼ਟ ਰੋਗ ਦੇ ਮੁਕੰਮਲ ਖਾਤਮੇ ਲਈ ਸਿਹਤ ਕਰਮਚਾਰੀਆਂ, ਸਰਕਾਰੀ ਵਿਭਾਗਾਂ ਅਤੇ ਸਮਾਜ ਦੇ ਸਾਂਝੇ ਯਤਨਾਂ ਦੀ ਬਹੁਤ ਲੋੜ ਹੈ। ਸਮੇਂ ਸਿਰ ਇਲਾਜ, ਪੁਨਰਵਾਸ ਅਤੇ ਸਮਾਜਿਕ ਸ਼ਮੂਲੀਅਤ ਰਾਹੀਂ ਹੀ ਇਨ੍ਹਾਂ ਵਿਅਕਤੀਆਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕਦਾ ਹੈ।