SIR campaign successfully completed, total 5,32,551 voters registered in the district: Aditya Dechalwal
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਐੱਸ.ਆਈ.ਆਰ. ਮੁਹਿੰਮ ਸਫ਼ਲਤਾਪੂਰਵਕ ਮੁਕੰਮਲ, ਜ਼ਿਲ੍ਹੇ ਵਿੱਚ ਕੁੱਲ 5,32,551 ਵੋਟਰ ਦਰਜ: ਅਦਿੱਤਿਆ ਡੇਚਲਵਾਲ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ, ਅੰਤਿਮ ਵੋਟਰ ਸੂਚੀਆਂ ਦੇ ਸੈੱਟ ਮੁਫ਼ਤ ਮੁਹੱਈਆ ਕਰਵਾਏ
ਰੂਪਨਗਰ, 12 ਅਕਤੂਬਰ: ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ-2026 ਦੀ ਸੁਧਾਈ ਲਈ ਉਲੀਕਿਆ ਗਿਆ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਦਾ ਪ੍ਰੋਗਰਾਮ ਅੱਜ 12 ਅਕਤੂਬਰ 2026 ਨੂੰ ਸਫ਼ਲਤਾਪੂਰਵਕ ਮੁਕੰਮਲ ਹੋ ਗਿਆ। ਇਸ ਮੁਹਿੰਮ ਦੇ ਮੁਕੰਮਲ ਹੋਣ ਉਪਰੰਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਯੋਗਤਾ ਮਿਤੀ 1 ਅਕਤੂਬਰ 2026 ਦੇ ਆਧਾਰ ’ਤੇ ਤਿਆਰ ਕੀਤੀ ਵੋਟਰ ਸੂਚੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਇਸ ਸਮੇਂ ਕੁੱਲ 5,32,551 ਵੋਟਰ ਦਰਜ ਹਨ। ਇਨ੍ਹਾਂ ਵਿੱਚ 2,74,235 ਪੁਰਸ਼ ਵੋਟਰ, 2,58,304 ਮਹਿਲਾ ਵੋਟਰ ਅਤੇ 12 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਕੁੱਲ 714 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ 49-ਸ੍ਰੀ ਅਨੰਦਪੁਰ ਸਾਹਿਬ ਵਿੱਚ 243, ਹਲਕਾ 50-ਰੂਪਨਗਰ ਵਿੱਚ 234 ਅਤੇ ਹਲਕਾ 51-ਸ੍ਰੀ ਚਮਕੌਰ ਸਾਹਿਬ (ਅਨੁਸੂਚਿਤ ਜਾਤੀ) ਵਿੱਚ 237 ਪੋਲਿੰਗ ਸਟੇਸ਼ਨ ਸ਼ਾਮਲ ਹਨ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਹਾਜ਼ਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ—49-ਸ੍ਰੀ ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਸ੍ਰੀ ਚਮਕੌਰ ਸਾਹਿਬ (ਅਨੁਸੂਚਿਤ ਜਾਤੀ)—ਦੀ ਅੰਤਿਮ ਵੋਟਰ ਸੂਚੀ ਦੇ ਇੱਕ-ਇੱਕ ਸੈੱਟ ਦੀ ਹਾਰਡ ਕਾਪੀ (ਫੋਟੋ ਸਮੇਤ) ਅਤੇ ਸਾਫ਼ਟ ਕਾਪੀ (ਫੋਟੋ ਤੋਂ ਬਿਨਾਂ) ਮੁਫ਼ਤ ਮੁਹੱਈਆ ਕਰਵਾਈ ਗਈ।
ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਵੱਲੋਂ ਡਾ. ਸੰਜੀਵ ਗੌਤਮ, ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੀ ਜਰਨੈਲ ਸਿੰਘ ਭਾਊਵਾਲ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸ੍ਰੀ ਭੁਪਿੰਦਰ ਸਿੰਘ, ਸੀ.ਪੀ.ਆਈ. (ਐੱਮ.) ਵੱਲੋਂ ਸ੍ਰੀ ਗੁਰਦੇਵ ਸਿੰਘ ਬਾਗੀ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਸਰਦੂਲ ਸਿੰਘ ਸ਼ਾਮਲ ਹੋਏ।