‘Punjab Sakhi Shakti Mela and River Festival’ to be held in Rupnagar from 21st to 30th November: Additional Deputy Commissioner Chandrajyoti Singh

Publish Date : 13/11/2026
'Punjab Sakhi Shakti Mela and River Festival' to be held in Rupnagar from 21st to 30th November: Additional Deputy Commissioner Chandrajyoti Singh

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

21 ਤੋਂ 30 ਨਵੰਬਰ ਤੱਕ ਰੂਪਨਗਰ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ ਅਤੇ ਰਿਵਰ ਫੈਸਟੀਵਲ’ : ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ

ਗੈਰੀ ਸੰਧੂ, ਕੰਵਰ ਗਰੇਵਾਲ ਸਮੇਤ ਪੰਜਾਬੀ ਗਾਇਕੀ ਦੇ ਨਾਮਵਰ ਕਲਾਕਾਰ ਹਰ ਸ਼ਾਮ ਲਗਾਉਣਗੇ ਰੌਣਕਾਂ

ਬੋਟਿੰਗ ਅਤੇ ਰੋਇੰਗ ਮੁਕਾਬਲੇ, ਲੋਕ ਨਾਚ, ਸੱਭਿਆਚਾਰਕ ਪੇਸ਼ਕਾਰੀਆਂ, ਝੂਲੇ ਅਤੇ ਵੱਖ-ਵੱਖ ਰਾਜਾਂ ਦੇ ਰਵਾਇਤੀ ਪਕਵਾਨ ਹੋਣਗੇ ਵਿਸ਼ੇਸ਼ ਖਿੱਚ ਦਾ ਕੇਂਦਰ

ਮਹਿਲਾ ਸਵੈ-ਸਹਾਇਤਾ ਸਮੂਹਾਂ, ਪੇਂਡੂ ਉੱਦਮੀਆਂ, ਦਸਤਕਾਰਾਂ ਅਤੇ ਛੋਟੇ ਉਦਯੋਗਾਂ ਨੂੰ ਉਤਪਾਦਾਂ ਦੀ ਪ੍ਰਦਰਸ਼ਨੀ ਤੇ ਵਿਕਰੀ ਲਈ ਮਿਲੇਗਾ ਵਿਸ਼ੇਸ਼ ਮੰਚ

ਵਧੀਕ ਡਿਪਟੀ ਕਮਿਸ਼ਨਰ (ਵ) ਨੇ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ

ਰੂਪਨਗਰ, 13 ਨਵੰਬਰ : ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਮਹਿਲਾ ਸਸ਼ਕਤੀਕਰਨ, ਪੇਂਡੂ ਉੱਦਮਤਾ, ਸਥਾਨਕ ਉਤਪਾਦਾਂ ਦੀ ਮੰਡੀਕਰਨ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਪੰਜਾਬ ਸਖੀ ਸ਼ਕਤੀ ਮੇਲਾ ਅਤੇ ਰਿਵਰ ਫੈਸਟੀਵਲ’ 21 ਤੋਂ 30 ਨਵੰਬਰ 2026 ਤੱਕ ਮੇਲਾ ਗਰਾਊਂਡ, ਨਹਿਰੂ ਸਟੇਡੀਅਮ ਦੇ ਸਾਹਮਣੇ, ਰੂਪਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਦਸ ਦਿਨਾਂ ਤੱਕ ਚੱਲਣ ਵਾਲਾ ਇਹ ਸਮਾਗਮ ਮਹਿਲਾ ਉੱਦਮਤਾ, ਲੋਕ ਕਲਾਵਾਂ, ਪੰਜਾਬੀ ਗਾਇਕੀ, ਮਨੋਰੰਜਨ ਅਤੇ ਜਲ-ਖੇਡ ਗਤੀਵਿਧੀਆਂ ਦਾ ਵਿਲੱਖਣ ਸੁਮੇਲ ਹੋਵੇਗਾ। ਮੇਲਾ ਰੋਜ਼ਾਨਾ ਸਵੇਰੇ 10:30 ਵਜੇ ਤੋਂ ਰਾਤ 9:30 ਵਜੇ ਤੱਕ ਖੁੱਲ੍ਹਾ ਰਹੇਗਾ।

ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਮੇਲੇ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਦੀਆਂ ਮਹਿਲਾਵਾਂ, ਵਿਸ਼ੇਸ਼ ਕਰਕੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾ ਉੱਦਮੀਆਂ ਨੂੰ ਆਪਣੇ ਹੁਨਰ ਅਤੇ ਉਤਪਾਦਾਂ ਦੀ ਪ੍ਰਦਰਸ਼ਨੀ ਤੇ ਵਿਕਰੀ ਲਈ ਵੱਡਾ ਮੰਚ ਮੁਹੱਈਆ ਕਰਵਾਉਣਾ ਹੈ। ਇਸ ਦੇ ਨਾਲ ਹੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ.ਐੱਸ.ਐੱਮ.ਈ.), ਦਸਤਕਾਰਾਂ, ਰਵਾਇਤੀ ਕਲਾਕਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਆਪਣੇ ਉਤਪਾਦਾਂ ਦੀ ਪਛਾਣ ਬਣਾਉਣ, ਨਵੇਂ ਗਾਹਕਾਂ ਤੱਕ ਪਹੁੰਚ ਬਣਾਉਣ ਅਤੇ ਮੰਡੀਕਰਨ ਦੇ ਨਵੇਂ ਮੌਕੇ ਪ੍ਰਾਪਤ ਕਰਨ ਦਾ ਵਿਸ਼ੇਸ਼ ਮੌਕਾ ਮਿਲੇਗਾ।

ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਮਹਿਲਾ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਚਾਰ-ਮੁਰੱਬੇ, ਅਚਾਰ, ਹੋਰ ਮੁਰੱਬੇ, ਖਾਣ-ਪੀਣ ਦੀਆਂ ਵੱਖ-ਵੱਖ ਵਸਤਾਂ, ਹੱਥੀਂ ਤਿਆਰ ਕੀਤੇ ਘਰੇਲੂ ਉਤਪਾਦ, ਰਵਾਇਤੀ ਵਸਤਾਂ, ਦਸਤਕਾਰੀ ਅਤੇ ਹੱਥਕਲਾ ਦੇ ਸਮਾਨ ਦੇ ਵਿਸ਼ੇਸ਼ ਸਟਾਲ ਲਗਾਏ ਜਾਣਗੇ। ਇਸ ਤੋਂ ਇਲਾਵਾ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਉਤਪਾਦਾਂ, ਸਜਾਵਟੀ ਸਮਾਨ ਅਤੇ ਰਵਾਇਤੀ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਤੇ ਵਿਕਰੀ ਵੀ ਕੀਤੀ ਜਾਵੇਗੀ। ਇਹ ਪਹਿਲ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਮਹਿਲਾਵਾਂ ਸਮੇਤ ਛੋਟੇ ਉੱਦਮੀਆਂ ਨੂੰ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਾਉਣ ਵਿੱਚ ਸਹਾਈ ਹੋਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦਾ ਇੱਕ ਪ੍ਰਮੁੱਖ ਆਕਰਸ਼ਣ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕਾਂ ਦੀਆਂ ਲਾਈਵ ਪੇਸ਼ਕਾਰੀਆਂ ਹੋਣਗੀਆਂ। ਨਿਰਧਾਰਤ ਪ੍ਰੋਗਰਾਮ ਅਨੁਸਾਰ 21 ਨਵੰਬਰ ਨੂੰ ਗੁਲਾਬ ਸਿੱਧੂ, 22 ਨਵੰਬਰ ਨੂੰ ਕੰਵਰ ਗਰੇਵਾਲ, 23 ਨਵੰਬਰ ਨੂੰ ਆਦਿ ਅਤੇ ਗੁਰਮਨ ਮਾਨ, 24 ਨਵੰਬਰ ਨੂੰ ਗੁਰਲੇਜ਼ ਅਖ਼ਤਰ, 25 ਨਵੰਬਰ ਨੂੰ ਵਿੱਕੀ ਢਿੱਲੋਂ, 26 ਨਵੰਬਰ ਨੂੰ ਜਾਫਰ, 27 ਨਵੰਬਰ ਨੂੰ ਕਿਰਨ ਬਾਜਵਾ, 28 ਨਵੰਬਰ ਨੂੰ ਅਖਿਲ ਅਤੇ 29 ਨਵੰਬਰ ਨੂੰ ਗੈਰੀ ਸੰਧੂ ਵੱਲੋਂ ਆਪਣੀਆਂ ਸੰਗੀਤਕ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਹਰ ਸ਼ਾਮ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਰਿਵਰ ਫੈਸਟੀਵਲ ਤਹਿਤ ਬੋਟਿੰਗ ਅਤੇ ਰੋਇੰਗ ਦੇ ਮੁਕਾਬਲੇ ਕਰਵਾਏ ਜਾਣਗੇ, ਜੋ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਹੋਣਗੇ। ਇਨ੍ਹਾਂ ਜਲ-ਖੇਡ ਗਤੀਵਿਧੀਆਂ ਰਾਹੀਂ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਅਤੇ ਜਲ-ਖੇਡਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਇਸ ਫੈਸਟੀਵਲ ਦਾ ਉਦੇਸ਼ ਰੂਪਨਗਰ ਦੀ ਕੁਦਰਤੀ ਸੁੰਦਰਤਾ ਅਤੇ ਦਰਿਆਈ ਵਿਰਾਸਤ ਨੂੰ ਉਭਾਰਨ ਦੇ ਨਾਲ-ਨਾਲ ਇਲਾਕੇ ਵਿੱਚ ਸੈਰ-ਸਪਾਟੇ ਅਤੇ ਮਨੋਰੰਜਨ ਦੀਆਂ ਸੰਭਾਵਨਾਵਾਂ ਨੂੰ ਵੀ ਹੁਲਾਰਾ ਦੇਣਾ ਹੈ।

ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਲੋਕ ਨਾਚਾਂ, ਲੋਕ ਕਲਾਵਾਂ, ਰਵਾਇਤੀ ਗਤੀਵਿਧੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਪ੍ਰਸਿੱਧ ਰਵਾਇਤੀ ਪਕਵਾਨਾਂ ਦੇ ਫੂਡ ਸਟਾਲ ਵੀ ਲਗਾਏ ਜਾਣਗੇ, ਜਿੱਥੇ ਦਰਸ਼ਕਾਂ ਨੂੰ ਵੱਖ-ਵੱਖ ਸੂਬਿਆਂ ਦੇ ਸੁਆਦੀ ਪਕਵਾਨਾਂ ਦਾ ਆਨੰਦ ਮਾਨਣ ਦਾ ਮੌਕਾ ਮਿਲੇਗਾ। ਹਰ ਉਮਰ ਵਰਗ ਦੇ ਲੋਕਾਂ ਦੇ ਮਨੋਰੰਜਨ ਲਈ ਝੂਲਿਆਂ, ਮਨੋਰੰਜਕ ਸਵਾਰੀਆਂ ਅਤੇ ਬੱਚਿਆਂ ਵਾਸਤੇ ਵਿਸ਼ੇਸ਼ ਮਨੋਰੰਜਨ ਪ੍ਰਬੰਧ ਵੀ ਕੀਤੇ ਜਾਣਗੇ।

ਮੇਲੇ ਦੇ ਸੁਚਾਰੂ, ਸੁਚੱਜੇ ਅਤੇ ਸਫ਼ਲ ਆਯੋਜਨ ਨੂੰ ਯਕੀਨੀ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੰਦਰਜਯੋਤੀ ਸਿੰਘ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮੇਲੇ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਸਾਰੇ ਪ੍ਰਬੰਧ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੀਟਿੰਗ ਦੌਰਾਨ ਮੇਲਾ ਗਰਾਊਂਡ ਦੀ ਸਾਫ਼-ਸਫ਼ਾਈ, ਸਟਾਲਾਂ ਦੀ ਸੁਚੱਜੀ ਵਿਵਸਥਾ, ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ, ਬਿਜਲੀ ਦੇ ਨਿਰਵਿਘਨ ਪ੍ਰਬੰਧ, ਆਵਾਜਾਈ ਅਤੇ ਪਾਰਕਿੰਗ, ਸੁਰੱਖਿਆ ਪ੍ਰਬੰਧਾਂ, ਅੱਗ ਬੁਝਾਊ ਸੇਵਾਵਾਂ, ਸਿਹਤ ਸਹੂਲਤਾਂ, ਆਰਜ਼ੀ ਪਖਾਨਿਆਂ, ਰੌਸ਼ਨੀ ਅਤੇ ਹੋਰ ਬੁਨਿਆਦੀ ਸਹੂਲਤਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮਾਂ ਲਈ ਸਟੇਜ ਅਤੇ ਸਾਊਂਡ ਸਿਸਟਮ, ਦਰਸ਼ਕਾਂ ਦੇ ਬੈਠਣ ਦੀ ਵਿਵਸਥਾ, ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੇ ਸੁਚੱਜੇ ਸੰਚਾਲਨ, ਫੂਡ ਸਟਾਲਾਂ ਅਤੇ ਬੱਚਿਆਂ ਦੇ ਮਨੋਰੰਜਨ ਨਾਲ ਸਬੰਧਤ ਪ੍ਰਬੰਧਾਂ ਬਾਰੇ ਵੀ ਅਧਿਕਾਰੀਆਂ ਨੂੰ ਲੋੜੀਂਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਪੂਰੀ ਗੰਭੀਰਤਾ ਨਾਲ ਨਿਭਾਈਆਂ ਜਾਣ ਅਤੇ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ ਤਾਂ ਜੋ ਮੇਲੇ ਵਿੱਚ ਆਉਣ ਵਾਲੇ ਲੋਕਾਂ, ਵਪਾਰੀਆਂ, ਦਸਤਕਾਰਾਂ ਅਤੇ ਕਲਾਕਾਰਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ‘ਪੰਜਾਬ ਸਖੀ ਸ਼ਕਤੀ ਮੇਲਾ ਅਤੇ ਰਿਵਰ ਫੈਸਟੀਵਲ’ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਮਹਿਲਾ ਸਸ਼ਕਤੀਕਰਨ, ਪੇਂਡੂ ਉੱਦਮਤਾ, ਸਥਾਨਕ ਉਤਪਾਦਾਂ ਦੇ ਮੰਡੀਕਰਨ, ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਹਿਮ ਉਪਰਾਲਾ ਹੈ। ਇਹ ਸਮਾਗਮ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਛੋਟੇ ਉੱਦਮੀਆਂ ਨੂੰ ਆਤਮ-ਨਿਰਭਰਤਾ ਵੱਲ ਅੱਗੇ ਵਧਣ ਦੇ ਨਾਲ-ਨਾਲ ਰੂਪਨਗਰ ਦੀ ਪਛਾਣ ਨੂੰ ਸੱਭਿਆਚਾਰਕ ਅਤੇ ਸੈਰ-ਸਪਾਟਾ ਕੇਂਦਰ ਵਜੋਂ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੂਪਨਗਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਮੂਹ ਵਸਨੀਕਾਂ ਨੂੰ ਇਸ ਦਸ ਰੋਜ਼ਾ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ, ਸੰਗੀਤ, ਖੇਡਾਂ, ਮਨੋਰੰਜਨ ਅਤੇ ਮਹਿਲਾ ਉੱਦਮਤਾ ਦੇ ਇਸ ਵਿਸ਼ੇਸ਼ ਉਤਸਵ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਜਾਂਦਾ ਹੈ।