NSS volunteers of Government College Rupnagar brought glory to the college at the national level
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਰਕਾਰੀ ਕਾਲਜ ਰੂਪਨਗਰ ਦੀਆਂ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਕੌਮੀ ਪੱਧਰ ’ਤੇ ਚਮਕਾਇਆ ਕਾਲਜ ਦਾ ਨਾਮ
ਅਮਨਪ੍ਰੀਤ ਕੌਰ ਨੇ ਨੌਰਥ ਜ਼ੋਨ ਪ੍ਰੀ-ਰਿਪਬਲਿਕ ਡੇ ਕੈਂਪ ‘ਚ ਲਿਆ ਭਾਗ
ਨੈਨਾ ਨੇ ਰਾਸ਼ਟਰੀ ਏਕਤਾ ਕੈਂਪ ਦੌਰਾਨ ਮਟਕੀ ਸਜਾਉਣ ਮੁਕਾਬਲੇ ਵਿੱਚ ਹਾਸਲ ਕੀਤਾ ਦੂਜਾ ਸਥਾਨ
ਰੂਪਨਗਰ, 2 ਨਵੰਬਰ: ਸਰਕਾਰੀ ਕਾਲਜ ਰੂਪਨਗਰ ਦੀਆਂ ਐੱਨ.ਐੱਸ.ਐੱਸ. ਵਲੰਟੀਅਰਾਂ ਅਮਨਪ੍ਰੀਤ ਕੌਰ ਅਤੇ ਨੈਨਾ ਨੇ ਕੌਮੀ ਪੱਧਰ ’ਤੇ ਕਾਲਜ ਦਾ ਨਾਮ ਰੌਸ਼ਨ ਕਰਦਿਆਂ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਇਨ੍ਹਾਂ ਪ੍ਰਾਪਤੀਆਂ ਲਈ ਕਾਲਜ ਦੀ ਪ੍ਰਿੰਸੀਪਲ ਪ੍ਰੋ. ਗੁਨਜੀਤ ਕੌਰ ਵੱਲੋਂ ਦੋਵਾਂ ਵਲੰਟੀਅਰਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੀਜਨਲ ਡਾਇਰੈਕਟਰ ਐੱਨ.ਐੱਸ.ਐੱਸ., ਦਿੱਲੀ ਵੱਲੋਂ ਆਯੋਜਿਤ ਨੌਰਥ ਜ਼ੋਨ ਐੱਨ.ਐੱਸ.ਐੱਸ. ਪ੍ਰੀ-ਰਿਪਬਲਿਕ ਡੇ ਕੈਂਪ-2026 ਵਿੱਚ ਕਾਲਜ ਦੀ ਵਲੰਟੀਅਰ ਅਮਨਪ੍ਰੀਤ ਕੌਰ ਨੇ ਭਾਗ ਲਿਆ। ਇਸ ਦੇ ਨਾਲ ਹੀ ਰਾਸ਼ਟਰੀ ਏਕਤਾ ਕੈਂਪ ਵਿੱਚ ਸ਼ਮੂਲੀਅਤ ਕਰਨ ਵਾਲੀ ਵਲੰਟੀਅਰ ਨੈਨਾ ਨੂੰ ਵੀ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਗਈ।
ਪ੍ਰਿੰਸੀਪਲ ਪ੍ਰੋ. ਗੁਨਜੀਤ ਕੌਰ ਨੇ ਦੱਸਿਆ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਜਗਜੀਤ ਸਿੰਘ ਨੇ ਪ੍ਰੀ-ਰਿਪਬਲਿਕ ਡੇ ਕੈਂਪ ਦੌਰਾਨ ਪੰਜਾਬ ਦੀ ਟੁਕੜੀ ਦੀ ਅਗਵਾਈ ਕੀਤੀ।
ਇਸ ਸਬੰਧੀ ਪ੍ਰੋ. ਜਗਜੀਤ ਸਿੰਘ ਨੇ ਦੱਸਿਆ ਕਿ ਨੌਰਥ ਜ਼ੋਨ ਪ੍ਰੀ-ਰਿਪਬਲਿਕ ਡੇ ਕੈਂਪ ਲਈ ਵਲੰਟੀਅਰਾਂ ਦੀ ਚੋਣ ਰਾਜ ਪੱਧਰ ’ਤੇ ਕਰਵਾਏ ਜਾਂਦੇ ਟਰਾਇਲਾਂ ਵਿੱਚ ਸਫ਼ਲ ਹੋਣ ਉਪਰੰਤ ਕੀਤੀ ਜਾਂਦੀ ਹੈ। ਇਸ ਕੈਂਪ ਵਿੱਚੋਂ ਚੁਣੇ ਗਏ ਵਲੰਟੀਅਰਾਂ ਨੂੰ ਹੀ ਗਣਤੰਤਰ ਦਿਵਸ ਕੈਂਪ ਵਿੱਚ ਐੱਨ.ਐੱਸ.ਐੱਸ. ਦੀ ਟੁਕੜੀ ਵਜੋਂ ਭਾਗ ਲੈਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵਲੰਟੀਅਰਾਂ ਨੇ ਪਰੇਡ, ਸੱਭਿਆਚਾਰਕ ਗਤੀਵਿਧੀਆਂ, ਖੇਡਾਂ ਅਤੇ ਲੈਕਚਰ ਸੈਸ਼ਨਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਵਿੱਚ ਕੁੱਲ 200 ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਨੇੜਿਓਂ ਜਾਣਨ ਦਾ ਮੌਕਾ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਪ੍ਰੋ. ਚੰਦਰਗੁਪਤ ਨੇ ਦੱਸਿਆ ਕਿ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ, ਰੋਹਤਕ (ਹਰਿਆਣਾ) ਵਿਖੇ ਆਯੋਜਿਤ ਰਾਸ਼ਟਰੀ ਏਕਤਾ ਕੈਂਪ ਦੌਰਾਨ ਵੱਖ-ਵੱਖ ਮੁਕਾਬਲੇ ਅਤੇ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਵਿੱਚੋਂ ਮਟਕੀ ਸਜਾਉਣ ਦੇ ਮੁਕਾਬਲੇ ਵਿੱਚ ਕਾਲਜ ਦੀ ਵਲੰਟੀਅਰ ਨੈਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ।
ਇਨ੍ਹਾਂ ਪ੍ਰਾਪਤੀਆਂ ਵਿੱਚ ਕਾਲਜ ਦੇ ਸਮੂਹ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਪ੍ਰੋ. ਕੁਲਦੀਪ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਲਵਲੀਨ ਵਰਮਾ, ਪ੍ਰੋ. ਮਨਦੀਪ ਕੌਰ ਅਤੇ ਪ੍ਰੋ. ਮਨਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ, ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ, ਬਰਸਰ ਡਾ. ਦਲਵਿੰਦਰ ਸਿੰਘ, ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਦੋਵਾਂ ਵਲੰਟੀਅਰਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਗਈ।