Grand commencement of the ten-day Combined Annual Training Camp at the NCC Academy, Ropar

Publish Date : 25/11/2026
Grand commencement of the ten-day Combined Annual Training Camp at the NCC Academy, Ropar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਐੱਨ.ਸੀ.ਸੀ. ਅਕੈਡਮੀ ਰੋਪੜ ਵਿਖੇ ਦਸ ਰੋਜ਼ਾ ਸਾਂਝੇ ਸਾਲਾਨਾ ਸਿਖਲਾਈ ਕੈਂਪ ਦਾ ਸ਼ਾਨਦਾਰ ਆਗਾਜ਼

ਰੂਪਨਗਰ, 25 ਨਵੰਬਰ: 1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਨੰਗਲ ਵੱਲੋਂ ਐੱਨ.ਸੀ.ਸੀ. ਅਕੈਡਮੀ ਰੋਪੜ ਵਿਖੇ 24 ਨਵੰਬਰ ਤੋਂ 03 ਦਸੰਬਰ 2026 ਤੱਕ ਚੱਲਣ ਵਾਲੇ ਦਸ ਰੋਜ਼ਾ ਸਾਂਝੇ ਸਾਲਾਨਾ ਸਿਖਲਾਈ ਕੈਂਪ (106) ਦਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸ਼ਾਨਦਾਰ ਆਗਾਜ਼ ਕੀਤਾ ਗਿਆ।

ਕੈਂਪ ਦੇ ਉਦਘਾਟਨੀ ਸਮਾਰੋਹ ਦੀ ਅਗਵਾਈ 1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ ਹਰਜੀਤ ਸਿੰਘ ਦਿਓਲ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਮੂਹ ਐੱਨ.ਸੀ.ਸੀ. ਕੈਡਿਟਾਂ ਦਾ ਨਿੱਘਾ ਸਵਾਗਤ ਕਰਦਿਆਂ ਕੈਂਪ ਦੇ ਮੁੱਖ ਉਦੇਸ਼ਾਂ, ਐੱਨ.ਸੀ.ਸੀ. ਦੀ ਮਹੱਤਤਾ ਅਤੇ ਨੌਜਵਾਨਾਂ ਦੇ ਚਰਿੱਤਰ ਨਿਰਮਾਣ ਤੇ ਰਾਸ਼ਟਰ ਨਿਰਮਾਣ ਵਿੱਚ ਇਸ ਦੀ ਅਹਿਮ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਕੈਡਿਟਾਂ ਨੂੰ ਅਨੁਸ਼ਾਸਨ, ਸਮੇਂ ਦੀ ਪਾਬੰਦੀ, ਇਮਾਨਦਾਰੀ, ਆਤਮ-ਵਿਸ਼ਵਾਸ, ਅਗਵਾਈ ਕਰਨ ਦੀ ਸਮਰੱਥਾ, ਕਰਤੱਵ ਪ੍ਰਤੀ ਸਮਰਪਣ ਅਤੇ ਦੇਸ਼ ਸੇਵਾ ਦੀ ਭਾਵਨਾ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕੈਡਿਟਾਂ ਨੂੰ ਕੈਂਪ ਦੌਰਾਨ ਮਿਲਣ ਵਾਲੇ ਸਿਖਲਾਈ ਦੇ ਵਡਮੁੱਲੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਹਰੇਕ ਗਤੀਵਿਧੀ ਵਿੱਚ ਪੂਰੀ ਲਗਨ, ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਉਤਸ਼ਾਹ ਨਾਲ ਭਾਗ ਲੈਣ ਲਈ ਉਤਸ਼ਾਹਿਤ ਕੀਤਾ।

ਇਸ ਉਪਰੰਤ ਡਿਪਟੀ ਕੈਂਪ ਕਮਾਂਡੈਂਟ ਸ਼ਿਵਮ ਅਗਰਵਾਲ ਵੱਲੋਂ ਕੈਡਿਟਾਂ ਨੂੰ ਵਿਸ਼ੇਸ਼ ਬ੍ਰੀਫਿੰਗ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕੈਂਪ ਦੀ ਸਮੁੱਚੀ ਰੂਪ-ਰੇਖਾ, ਰੋਜ਼ਾਨਾ ਸਮਾਂ-ਸਾਰਣੀ, ਸਿਖਲਾਈ ਪ੍ਰੋਗਰਾਮ, ਪ੍ਰਬੰਧਕੀ ਵਿਵਸਥਾਵਾਂ, ਕੈਂਪ ਦੇ ਨਿਯਮਾਂ ਅਤੇ ਆਉਣ ਵਾਲੇ ਦਿਨਾਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਕੈਡਿਟਾਂ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਅਜਿਹੇ ਸਿਖਲਾਈ ਕੈਂਪਾਂ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਆਪਸੀ ਭਾਈਚਾਰਕ ਸਾਂਝ, ਟੀਮ ਭਾਵਨਾ, ਸਹਿਯੋਗ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।

ਇਸ ਤੋਂ ਬਾਅਦ ਯੂਨਿਟ ਦੇ ਹੋਰ ਪੀ.ਆਈ. ਸਟਾਫ਼ (ਪਰਮਾਨੈਂਟ ਇੰਸਟ੍ਰਕਟਰ ਸਟਾਫ਼) ਵੱਲੋਂ ਕੈਡਿਟਾਂ ਨੂੰ ਕੈਂਪ ਦੀ ਰੋਜ਼ਾਨਾ ਕਾਰਜਪ੍ਰਣਾਲੀ, ਸਿਖਲਾਈ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ਾਂ, ਸੁਰੱਖਿਆ ਨਿਯਮਾਂ, ਨਿੱਜੀ ਸਾਫ਼-ਸਫ਼ਾਈ, ਸਮੇਂ ਦੀ ਪਾਬੰਦੀ ਅਤੇ ਕੈਂਪ ਦੌਰਾਨ ਨਿਭਾਈਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਏ.ਐੱਨ.ਓ. (ਐਸੋਸੀਏਟ ਐੱਨ.ਸੀ.ਸੀ. ਅਫ਼ਸਰ) ਜਗਪਾਲ ਸਿੰਘ, ਸੀ.ਟੀ.ਓ. (ਕੇਅਰਟੇਕਰ ਅਫ਼ਸਰ) ਪਰਦੀਪ ਸਿੰਘ ਅਤੇ ਸੀ.ਟੀ.ਓ. ਗਗਨਦੀਪ ਸਿੰਘ ਸਮੇਤ ਯੂਨਿਟ ਦੇ ਪੀ.ਆਈ. ਸਟਾਫ਼ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮੂਹ ਅਧਿਕਾਰੀਆਂ ਅਤੇ ਸਿਖਲਾਈ ਸਟਾਫ਼ ਦੀ ਮੌਜੂਦਗੀ ਕੈਂਪ ਦੇ ਸੁਚਾਰੂ ਸੰਚਾਲਨ ਅਤੇ ਕੈਡਿਟਾਂ ਦੇ ਸਰਵਪੱਖੀ ਵਿਕਾਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਦਸ ਰੋਜ਼ਾ ਸਿਖਲਾਈ ਕੈਂਪ ਦੌਰਾਨ ਕੈਡਿਟਾਂ ਨੂੰ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ, ਸਰੀਰਕ ਤੰਦਰੁਸਤੀ ਸਬੰਧੀ ਗਤੀਵਿਧੀਆਂ, ਲੀਡਰਸ਼ਿਪ ਵਿਕਾਸ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸ਼ਖ਼ਸੀਅਤ ਵਿਕਾਸ ਨਾਲ ਸਬੰਧਤ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ। ਕੈਂਪ ਦਾ ਮੁੱਖ ਉਦੇਸ਼ ਕੈਡਿਟਾਂ ਵਿੱਚ ਆਤਮ-ਨਿਰਭਰਤਾ, ਆਤਮ-ਵਿਸ਼ਵਾਸ, ਫ਼ੈਸਲਾ ਲੈਣ ਦੀ ਸਮਰੱਥਾ, ਅਗਵਾਈ ਦੇ ਗੁਣ, ਸਰੀਰਕ ਅਤੇ ਮਾਨਸਿਕ ਤੰਦਰੁਸਤੀ, ਰਾਸ਼ਟਰੀ ਏਕਤਾ, ਸਮਾਜਿਕ ਜ਼ਿੰਮੇਵਾਰੀ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨੂੰ ਵਿਕਸਿਤ ਕਰਨਾ ਹੈ।

ਇਹ ਕੈਂਪ ਕੈਡਿਟਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ, ਨਵੇਂ ਤਜਰਬੇ ਹਾਸਲ ਕਰਨ, ਆਪਸੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗਾ। 1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਨੰਗਲ ਵੱਲੋਂ ਆਯੋਜਿਤ ਇਹ ਕੈਂਪ ਨੌਜਵਾਨ ਪੀੜ੍ਹੀ ਨੂੰ ਅਨੁਸ਼ਾਸਿਤ, ਕਰਤੱਵਨਿਸ਼ਠ, ਆਤਮ-ਨਿਰਭਰ, ਜ਼ਿੰਮੇਵਾਰ ਅਤੇ ਦੇਸ਼ ਪ੍ਰਤੀ ਸਮਰਪਿਤ ਨਾਗਰਿਕ ਬਣਾਉਣ ਵੱਲ ਇੱਕ ਸ਼ਲਾਘਾਯੋਗ ਉਪਰਾਲਾ ਹੈ।

ਐੱਨ.ਸੀ.ਸੀ. ਦੇ ਮੂਲ ਮੰਤਰ ‘ਏਕਤਾ ਅਤੇ ਅਨੁਸ਼ਾਸਨ’ ਨੂੰ ਸਮਰਪਿਤ ਇਸ ਕੈਂਪ ਦਾ ਉਦਘਾਟਨੀ ਸਮਾਰੋਹ ਬੜੇ ਉਤਸ਼ਾਹ ਅਤੇ ਪ੍ਰੇਰਨਾਦਾਇਕ ਮਾਹੌਲ ਵਿੱਚ ਸੰਪੰਨ ਹੋਇਆ। ਇਹ ਸਿਖਲਾਈ ਕੈਂਪ 03 ਦਸੰਬਰ 2026 ਤੱਕ ਜਾਰੀ ਰਹੇਗਾ, ਜਿਸ ਦੌਰਾਨ ਕੈਡਿਟਾਂ ਨੂੰ ਆਪਣੀ ਸ਼ਖ਼ਸੀਅਤ, ਗਿਆਨ ਅਤੇ ਯੋਗਤਾਵਾਂ ਦੇ ਸਰਵਪੱਖੀ ਵਿਕਾਸ ਲਈ ਵਡਮੁੱਲੇ ਮੌਕੇ ਪ੍ਰਾਪਤ ਹੋਣਗੇ।