Close

Food Safety Team took 35 samples; spoiled khoya barfi, chacham and gram flour were destroyed

Publish Date : 22/09/2026
Food Safety Team took 35 samples; spoiled khoya barfi, chacham and gram flour were destroyed

ਜ਼ਿਲ੍ਹਾ ਰੂਪਨਗਰ ‘ਚ ਮਿਲਾਵਟੀ ਤੇ ਅਸੁਰੱਖਿਅਤ ਭੋਜਨ ਵਿਰੁੱਧ ਵਿਸ਼ੇਸ਼ ਮੁਹਿੰਮ ਜਾਰੀ

ਫੂਡ ਸੇਫਟੀ ਟੀਮ ਵੱਲੋਂ 35 ਸੈਂਪਲ ਲਏ ਗਏ; ਖਰਾਬ ਖੋਆ ਬਰਫ਼ੀ, ਚਮਚਮ ਅਤੇ ਬੇਸਨ ਨਸ਼ਟ ਕਰਵਾਇਆ

ਰੂਪਨਗਰ, 22 ਸਤੰਬਰ: ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਅਤੇ ਕਮਿਸ਼ਨਰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭੋਜਨ ਵਿੱਚ ਮਿਲਾਵਟ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਪੰਜਾਬ ਭਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ਵਿੱਚ ਵੀ ਫੂਡ ਸੇਫਟੀ ਵਿਭਾਗ ਵੱਲੋਂ ਸਖ਼ਤ ਨਿਗਰਾਨੀ ਅਤੇ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ।

ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਨਿਰੀਖਣ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ। ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਨ ਸਹਾਇਕ ਕਮਿਸ਼ਨਰ ਫੂਡ ਸ. ਮਨਜਿੰਦਰ ਸਿੰਘ ਢਿੱਲੋਂ ਅਤੇ ਫੂਡ ਸੇਫਟੀ ਅਫ਼ਸਰ ਸ਼੍ਰੀਮਤੀ ਸੰਗੀਤਾ ਸਹਿਦੇਵ ਦੀ ਅਗਵਾਈ ਹੇਠ ਕੁੱਲ 35 ਸੈਂਪਲ ਲਏ ਗਏ।

ਇਨ੍ਹਾਂ ਸੈਂਪਲਾਂ ਵਿੱਚ ਪਨੀਰ ਦੇ 5, ਮਿਠਾਈ ਦੇ 10 ਅਤੇ ਖਾਣ ਵਾਲੇ ਤੇਲ, ਦੇਸੀ ਘਿਓ, ਤਿਆਰ ਖਾਧ ਪਦਾਰਥ, ਮਸਾਲਿਆਂ ਆਦਿ ਦੇ ਸੈਂਪਲ ਸ਼ਾਮਲ ਹਨ। ਹੁਣ ਤੱਕ ਪ੍ਰਾਪਤ ਹੋਈਆਂ ਜਾਂਚ ਰਿਪੋਰਟਾਂ ਅਨੁਸਾਰ 6 ਸੈਂਪਲ ਮਿਆਰਾਂ ’ਤੇ ਖਰੇ ਨਹੀਂ ਉਤਰੇ, ਜਦਕਿ 14 ਸੈਂਪਲ ਮਿਆਰਾਂ ਅਨੁਸਾਰ ਠੀਕ ਪਾਏ ਗਏ ਹਨ। ਬਾਕੀ ਸੈਂਪਲਾਂ ਦੀਆਂ ਜਾਂਚ ਰਿਪੋਰਟਾਂ ਪ੍ਰਾਪਤ ਹੋਣੀਆਂ ਬਾਕੀ ਹਨ।

ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਸਫ਼ਾਈ ਅਤੇ ਸਵੱਛਤਾ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਖਾਧ ਪਦਾਰਥ ਵਿਕਰੇਤਾਵਾਂ ਵਿਰੁੱਧ 3 ਸਫ਼ਾਈ ਨਿਯਮਾਂ ਦੀ ਉਲੰਘਣਾ ਸਬੰਧੀ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਮਿਠਾਈ ਅਤੇ ਬੇਕਰੀ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੂੰ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ 5 ਸੁਧਾਰ ਨੋਟਿਸ ਵੀ ਜਾਰੀ ਕੀਤੇ ਗਏ ਹਨ।

ਫੂਡ ਸੇਫਟੀ ਟੀਮ ਵੱਲੋਂ ਵੱਖ-ਵੱਖ ਦੁਕਾਨਾਂ ਦੀ ਜਾਂਚ ਦੌਰਾਨ ਲਗਭਗ 70 ਕਿਲੋਗ੍ਰਾਮ ਖਰਾਬ ਖੋਆ ਬਰਫ਼ੀ, 30 ਕਿਲੋਗ੍ਰਾਮ ਚਮਚਮ ਅਤੇ 20 ਕਿਲੋਗ੍ਰਾਮ ਖਰਾਬ ਬੇਸਨ ਬਰਾਮਦ ਕੀਤਾ ਗਿਆ, ਜਿਸ ਨੂੰ ਨਿਯਮਾਂ ਅਨੁਸਾਰ ਨਸ਼ਟ ਕਰਵਾਇਆ ਗਿਆ। ਇਹ ਕਾਰਵਾਈ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਭੋਜਨ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ।

ਸਹਾਇਕ ਕਮਿਸ਼ਨਰ ਫੂਡ ਸ. ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਭਾਗ ਵੱਲੋਂ ਭੋਜਨ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨੂੰ ਰੋਕਣ ਲਈ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਧ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ ਅਤੇ ਖਪਤਕਾਰਾਂ ਨੂੰ ਸੁਰੱਖਿਅਤ ਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਅਹਿਮ ਮਾਮਲੇ ਵਿੱਚ ਵਿਭਾਗ ਵੱਲੋਂ ਨਿਗਰਾਨੀ ਅਤੇ ਜਾਂਚ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ। ਭੋਜਨ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।