Close

First phase of Special Intensive Revision (SIR) successfully concluded.

Publish Date : 07/08/2026
First phase of Special Intensive Revision (SIR) successfully concluded.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.) ਦਾ ਪਹਿਲਾ ਪੜਾਅ ਸਫ਼ਲਤਾਪੂਰਵਕ ਸੰਪੰਨ

ਰੂਪਨਗਰ ਵਿੱਚ 93.23 ਫ਼ੀਸਦੀ ਵੋਟਰਾਂ ਦੀ ਗਿਣਤੀ ਮੁਕੰਮਲ, 5,23,752 ਗਿਣਤੀ ਫਾਰਮ ਡਿਜੀਟਲ ਕੀਤੇ ਗਏ

38,020 ਗਿਣਤੀ ਫਾਰਮ ਪ੍ਰਾਪਤ ਨਹੀਂ ਹੋਏ, ਜ਼ਿਲ੍ਹੇ ਵਿੱਚ 18 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ

ਰੂਪਨਗਰ, 07 ਅਗਸਤ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.) ਮੁਹਿੰਮ ਦਾ ਪਹਿਲਾ ਪੜਾਅ ਜ਼ਿਲ੍ਹਾ ਰੂਪਨਗਰ ਵਿੱਚ ਸਫ਼ਲਤਾਪੂਰਵਕ ਸੰਪੰਨ ਹੋ ਗਿਆ ਹੈ। ਘਰ-ਘਰ ਜਾ ਕੇ ਕੀਤੀ ਗਈ ਗਿਣਤੀ ਦੀ ਪ੍ਰਕਿਰਿਆ ਦੌਰਾਨ ਜ਼ਿਲ੍ਹੇ ਦੇ 93.23 ਫ਼ੀਸਦੀ ਵੋਟਰਾਂ ਨੂੰ ਕਵਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 5,61,772 ਰਜਿਸਟਰਡ ਵੋਟਰਾਂ ਵਿੱਚੋਂ 5,23,752 ਵੋਟਰਾਂ ਦੇ ਗਿਣਤੀ ਫਾਰਮ ਡਿਜੀਟਲ ਕੀਤੇ ਜਾ ਚੁੱਕੇ ਹਨ, ਜੋ ਇਸ ਵਿਸ਼ੇਸ਼ ਮੁਹਿੰਮ ਦਾ ਇੱਕ ਮਹੱਤਵਪੂਰਨ ਪੜਾਅ ਹੈ।

ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਘਰ-ਘਰ ਜਾ ਕੇ ਗਿਣਤੀ ਕਰਨ ਦਾ ਕੰਮ 3 ਅਗਸਤ ਨੂੰ ਸੰਪੂਰਨ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਸਮੁੱਚੇ ਚੋਣ ਅਮਲੇ ਨੇ ਪੂਰੀ ਤਨਦੇਹੀ ਅਤੇ ਵਚਨਬੱਧਤਾ ਨਾਲ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੀ ਸਫ਼ਲਤਾ ਚੋਣ ਅਮਲੇ ਦੀ ਮਿਹਨਤ ਦੇ ਨਾਲ-ਨਾਲ ਸਿਆਸੀ ਪਾਰਟੀਆਂ, ਮੀਡੀਆ ਅਤੇ ਆਮ ਲੋਕਾਂ ਦੇ ਭਰਪੂਰ ਸਹਿਯੋਗ ਦਾ ਨਤੀਜਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 38,020 ਵੋਟਰਾਂ ਦੇ ਗਿਣਤੀ ਫਾਰਮ ਪ੍ਰਾਪਤ ਨਹੀਂ ਹੋ ਸਕੇ। ਇਨ੍ਹਾਂ ਵਿੱਚ ਉਹ ਵੋਟਰ ਸ਼ਾਮਲ ਹਨ ਜੋ ਗੈਰਹਾਜ਼ਰ, ਕਿਸੇ ਹੋਰ ਥਾਂ ਚਲੇ ਗਏ, ਮ੍ਰਿਤਕ ਜਾਂ ਦੁਹਰਾਏ ਹੋਏ ਦਰਜ ਪਾਏ ਗਏ ਹਨ। ਬਾਕੀ ਰਹਿੰਦੇ ਮਾਮਲਿਆਂ ਦਾ ਨਿਪਟਾਰਾ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.) ਦੇ ਅਗਲੇ ਪੜਾਵਾਂ ਦੌਰਾਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ 13 ਅਗਸਤ 2026 ਨੂੰ ਵੋਟਰ ਸੂਚੀ ਦੇ ਖਰੜੇ ਦੇ ਪ੍ਰਕਾਸ਼ਨ ਉੱਤੇ ਕੇਂਦਰਿਤ ਹੈ। ਖਰੜਾ ਵੋਟਰ ਸੂਚੀ ਦੀਆਂ ਕਾਪੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਹ ਜ਼ਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਬੂਥ ਪੱਧਰੀ ਅਧਿਕਾਰੀਆਂ ਕੋਲ ਵੀ ਉਪਲਬਧ ਹੋਣਗੀਆਂ।

ਸ਼੍ਰੀ ਅਦਿੱਤਿਆ ਡੇਚਲਵਾਲ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਯੋਗ ਵੋਟਰਾਂ ਦਾ ਨਾਮ ਖਰੜਾ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੋਵੇਗਾ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। 13 ਅਗਸਤ ਤੋਂ 12 ਸਤੰਬਰ, 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸ ਮਿਆਦ ਦੌਰਾਨ ਯੋਗ ਵਿਅਕਤੀ ਆਪਣੇ ਨਾਮ ਦਰਜ ਕਰਵਾਉਣ ਲਈ ਫਾਰਮ-6 ਸਬੰਧਤ ਚੋਣਕਾਰ ਰਜਿਸਟਰੇਸ਼ਨ ਅਧਿਕਾਰੀ ਜਾਂ ਬੂਥ ਪੱਧਰੀ ਅਧਿਕਾਰੀ ਕੋਲ ਜਮ੍ਹਾਂ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਅਗਲੇ ਪੜਾਅ ਵਿੱਚ ਜ਼ਿਲ੍ਹੇ ਦੇ 29,893 ਗੈਰ-ਨਕਸ਼ਾਬੱਧ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਇਹ ਨੋਟਿਸ 13 ਅਗਸਤ ਤੋਂ ਭੇਜਣੇ ਸ਼ੁਰੂ ਕੀਤੇ ਜਾਣਗੇ। ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ 12 ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਦਸਤਾਵੇਜ਼, ਜਿਵੇਂ ਜਨਮ ਸਰਟੀਫਿਕੇਟ ਜਾਂ ਵਿੱਦਿਅਕ ਯੋਗਤਾ ਦਾ ਸਰਟੀਫਿਕੇਟ, ਪੇਸ਼ ਕਰਕੇ ਆਪਣਾ ਪੱਖ ਰੱਖ ਸਕਣਗੇ।

ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਦੀ ਜਾਂਚ ਅਤੇ ਸਬੰਧਤ ਵੋਟਰਾਂ ਦੀ ਸੁਣਵਾਈ ਤੋਂ ਬਾਅਦ ਚੋਣਕਾਰ ਰਜਿਸਟਰੇਸ਼ਨ ਅਧਿਕਾਰੀ ਯੋਗ ਕਾਰਵਾਈ ਕਰਨਗੇ। ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਯੋਗ ਵੋਟਰ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਪੂਰਾ ਮੌਕਾ ਮਿਲੇ ਅਤੇ ਕੋਈ ਵੀ ਅਸਲ ਵੋਟਰ ਵੋਟਰ ਸੂਚੀ ਵਿੱਚੋਂ ਵਾਂਝਾ ਨਾ ਰਹੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖਰੜਾ ਵੋਟਰ ਸੂਚੀ ਦੇ ਪ੍ਰਕਾਸ਼ਨ ਤੋਂ ਬਾਅਦ ਉਹ ਆਪਣੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨ ਅਤੇ ਜੇਕਰ ਕੋਈ ਨਾਮ ਦਰਜ ਨਾ ਹੋਵੇ ਜਾਂ ਕਿਸੇ ਕਿਸਮ ਦੀ ਸੋਧ ਦੀ ਲੋੜ ਹੋਵੇ ਤਾਂ ਤੁਰੰਤ ਚੋਣ ਅਧਿਕਾਰੀਆਂ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਇਹ ਸਮੁੱਚੀ ਪ੍ਰਕਿਰਿਆ 12 ਅਕਤੂਬਰ, 2026 ਨੂੰ ਵੋਟਰ ਸੂਚੀ ਦੇ ਅੰਤਿਮ ਪ੍ਰਕਾਸ਼ਨ ਨਾਲ ਸੰਪੂਰਨ ਹੋਵੇਗੀ।

ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.) ਦੇ ਨਾਲ-ਨਾਲ ਪੋਲਿੰਗ ਸਟੇਸ਼ਨਾਂ ਦੇ ਪੁਨਰ-ਵਿਵਸਥੀਕਰਨ ਦੇ ਨਤੀਜੇ ਵਜੋਂ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 696 ਤੋਂ ਵਧ ਕੇ 714 ਹੋ ਗਈ ਹੈ। ਇਸ ਤਹਿਤ 18 ਨਵੇਂ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਸ ਨਾਲ ਭਵਿੱਖ ਵਿੱਚ ਵੋਟਰਾਂ ਲਈ ਮਤਦਾਨ ਕੇਂਦਰਾਂ ਤੱਕ ਪਹੁੰਚ ਹੋਰ ਸੁਖਾਲੀ ਹੋਵੇਗੀ।

ਉਨ੍ਹਾਂ ਗਿਣਤੀ ਦੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਵਿੱਚ 696 ਬੂਥ ਪੱਧਰੀ ਅਧਿਕਾਰੀ, 71 ਸੁਪਰਵਾਈਜ਼ਰ, 6 ਸਹਾਇਕ ਚੋਣਕਾਰ ਰਜਿਸਟਰੇਸ਼ਨ ਅਧਿਕਾਰੀ, 3 ਚੋਣਕਾਰ ਰਜਿਸਟਰੇਸ਼ਨ ਅਧਿਕਾਰੀ ਅਤੇ ਹੋਰ ਚੋਣ ਅਧਿਕਾਰੀਆਂ ਤੇ ਫ਼ੀਲਡ ਸਟਾਫ਼ ਨੇ ਪੂਰੀ ਨਿਸ਼ਠਾ ਨਾਲ ਕੰਮ ਕੀਤਾ।

ਉਨ੍ਹਾਂ ਦੱਸਿਆ ਕਿ 93.23 ਫ਼ੀਸਦੀ ਵੋਟਰਾਂ ਤੱਕ ਪਹੁੰਚ ਸਾਡੀਆਂ ਫ਼ੀਲਡ ਟੀਮਾਂ ਦੀ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਸਿਆਸੀ ਪਾਰਟੀਆਂ, ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.) ਦੇ ਬਾਕੀ ਪੜਾਵਾਂ ਦੌਰਾਨ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ।