Close

Destitute and stray cattle in Punjab will soon be brought to cow shelters – Kimti Bhagat

Publish Date : 24/06/2026
Destitute and stray cattle in Punjab will soon be brought to cow shelters - Kimti Bhagat

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਪੰਜਾਬ ’ਚ ਬੇਸਹਾਰਾ ਤੇ ਅਵਾਰਾ ਗਊਧਨ ਨੂੰ ਜਲਦ ਗਊਸ਼ਾਲਾਵਾਂ ’ਚ ਲਿਆਂਦਾ ਜਾਵੇਗਾ – ਕੀਮਤੀ ਭਗਤ

ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਨੇ ਅਧਿਕਾਰੀਆਂ ਤੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਕੀਤੀਆਂ ਵਿਚਾਰਾਂ

ਗਊਆਂ ਨੂੰ ਅਵਾਰਾ ਛੱਡਣ ਵਾਲਿਆਂ ਵਿਰੁੱਧ ਮਿਊਂਸਪਲ ਐਕਟ ਤਹਿਤ ਕਾਰਵਾਈ ਦੇ ਦਿੱਤੇ ਨਿਰਦੇਸ਼

ਰੂਪਨਗਰ, 24 ਜੂਨ: ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਕੀਮਤੀ ਭਗਤ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸੂਬੇ ਭਰ ਵਿਚ ਸੜਕਾਂ ਅਤੇ ਆਮ ਥਾਵਾਂ ’ਤੇ ਘੁੰਮ ਰਹੇ ਬੇਸਹਾਰਾ, ਅਵਾਰਾ ਅਤੇ ਲਵਾਰਸ ਗਊਧਨ ਨੂੰ ਜਲਦ ਹੀ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਵਿਚ ਭੇਜਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਰਾਹਤ ਦਿਵਾਉਣ ਦੇ ਨਾਲ-ਨਾਲ ਸੜਕੀ ਹਾਦਸਿਆਂ ਨਾਲ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਕੀਮਤੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਆਉਂਦੇ ਕੁਝ ਮਹੀਨਿਆਂ ਵਿਚ ਹੀ ਬੇਸਹਾਰਾ ਅਤੇ ਲਵਾਰਸ ਗਊਧਨ ਦੀ ਗਊਸ਼ਾਲਾਵਾਂ ਵਿਚ ਸੁਚੱਜੀ ਸਾਂਭ-ਸੰਭਾਲ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਵਿਚ ਸਬੰਧਤ ਧਿਰਾਂ ਨਾਲ ਵਿਚਾਰਾਂ ਕਰਕੇ ਜਲਦ ਤੋਂ ਜਲਦ ਗਊਧਨ ਨੂੰ ਸਰਕਾਰੀ ਅਤੇ ਪ੍ਰਾਇਵੇਟ ਗਊਸ਼ਾਲਾਵਾਂ ਵਿਚ ਭੇਜਣ ਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ, ਸਮੂਹ ਬੀਡੀਪੀਓਜ਼ ਨੂੰ ਹਦਾਇਤ ਕੀਤੀ ਕਿ ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿਚ ਲਗਾਤਾਰ ਰਾਊਂਡ ਲਾ ਕੇ ਅਜਿਹੇ ਗਊਧਨ ਨੂੰ ਗਊਸ਼ਾਲਾ ਵਿਚ ਭੇਜਣਾ ਯਕੀਨੀ ਬਣਾਉਣ ਤਾਂ ਜੋ ਇਨ੍ਹਾਂ ਬੇਜ਼ੁਬਾਨਾਂ ਦੀ ਸਹੀ ਦੇਖਭਾਲ ਹੋ ਸਕੇ।

ਉਪ ਚੇਅਰਮੈਨ ਸ਼੍ਰੀ ਕੀਮਤੀ ਭਗਤ ਨੇ ਪਸ਼ੂ ਪਾਲਣ ਵਿਭਾਗ ਦੇ ਸਥਾਨਕ ਡਿਪਟੀ ਡਾਇਰੈਕਟਰ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਗਊਸ਼ਾਲਾਵਾਂ ਦਾ ਬਿਜਲੀ ਦਾ ਬਿੱਲ ਮੁਆਫ਼ ਹੋਣੋ ਰਹਿੰਦਾ ਹੈ ਉਨ੍ਹਾਂ ਦੇ ਕੇਸ ਜਲਦ ਬਣਾ ਕੇ ਕਮਿਸ਼ਨ ਨੂੰ ਭੇਜੇ ਜਾਣ ਤਾਂ ਜੋ ਇਹ ਕਾਰਜ ਛੇਤੀ ਮੁਕੰਮਲ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਦੀ ਟੀਮ ਵਲੋਂ ਲਗਾਤਾਰ ਗਊਸ਼ਾਲਾਵਾਂ ਵਿਖੇ ਜਾ ਕੇ ਗਊਧਨ ਦਾ ਲੋੜੀਂਦਾ ਟੀਕਾਕਰਨ ਕੀਤਾ ਜਾਵੇ ਅਤੇ ਜ਼ਖਮੀ ਗਊਧਨ ਦਾ ਢੁੱਕਵਾਂ ਇਲਾਜ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਨੇ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਪੈਣ ਵਾਲੀਆਂ ਗਊਸ਼ਾਲਾਵਾਂ ਦੀ ਦੇਖਰੇਖ ਲਈ ਗਊਆਂ ਲਈ ਨਿਰਧਾਰਤ ਸੈੱਸ ਦੀ ਰਕਮ ਵਿਚ ਢੁੱਕਵੀਂ ਰਕਮ ਆਉਂਦੇ ਕੁਝ ਦਿਨਾਂ ਵਿਚ ਜਾਰੀ ਕਰਨੀ ਯਕੀਨੀ ਬਣਾਉਣ ਤਾਂ ਜੋ ਗਊਸ਼ਾਲਾਵਾਂ ਦਾ ਪ੍ਰਬੰਧ ਹੋ ਵਧੀਆ ਤਰੀਕੇ ਨਾਲ ਦੇਖਿਆ ਜਾ ਸਕੇ।

ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਵਿਚ ਰੱਖੇ ਗਊਧਨ ਲਈ ਚਾਰੇ ਅਤੇ ਹੋਰ ਲੋੜੀਂਦੇ ਖਰਚਿਆਂ ਲਈ ਪ੍ਰਤੀ ਗਾਂ ਰਾਸ਼ੀ ਵਧਾਉਣ ਬਾਰੇ ਉਪ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਰਾਸ਼ੀ ਵਧਾ ਕੇ ਰੋਜ਼ਾਨਾ 61 ਰੁਪਏ ਪ੍ਰਤੀ ਗਾਂ ਕਰ ਦਿੱਤੀ ਗਈ ਹੈ ਜਿਸ ਨਾਲ ਗਊਸ਼ਾਲਾਵਾਂ ਨੂੰ ਲਾਜ਼ਮੀ ਰਾਹਤ ਮਿਲੇਗੀ।

ਉਨ੍ਹਾਂ ਨੇ ਨਿਗਮ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਕਿਹਾ ਕਿ ਸ਼ਹਿਰ ਵਿਚ ਗਊਆਂ ਨੂੰ ਅਵਾਰਾ ਛੱਡਣ ਵਾਲੇ ਡੇਅਰੀ ਫਾਰਮਾਂ ਖਿਲਾਫ਼ ਮਿਊਂਸਪਲ ਐਕਟ ਤਹਿਤ ਜ਼ੁਰਮਾਨੇ ਅਤੇ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਅਪਨਾਈ ਜਾਵੇ ਤਾਂ ਜੋ ਕੋਈ ਵੀ ਡੇਅਰੀ ਫਾਰਮ ਬੇਜੁ਼ਬਾਨਾਂ ਨੂੰ ਸੜਕਾਂ ’ਤੇ ਆਵਾਰਾ ਨਾਲ ਛੱਡੇ।

ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਨੂੰ ਵੀ ਹਦਾਇਤ ਕੀਤੀ ਕਿ ਗਊਧਨ ਦੀ ਕਿਸੇ ਵੀ ਤਰ੍ਹਾਂ ਦੀ ਸਮਗਲਿੰਗ ਨਹੀਂ ਹੋਣੀ ਚਾਹੀਦੀ ਅਤੇ ਅਜਿਹੇ ਮਾਮਲਿਆਂ ਵਿਚ ਐਫ.ਆਈ.ਆਰ. ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਲਵਾਰਸ, ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਨਾਲ ਕੀਮਤੀ ਜਾਨਾਂ ਬਚਾਉਣ ਦੇ ਨਾਲ-ਨਾਲ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।

ਉਪ ਚੇਅਰਮੈਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਗਊਸ਼ਾਲਾਵਾਂ ਤੋਂ ਆਏ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਰੱਖੇ ਮਸਲਿਆਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।

ਸ਼੍ਰੀ ਕੀਮਤੀ ਭਗਤ ਨੇ ਮੀਟਿੰਗ ਉਪਰੰਤ ਅਧਿਕਾਰੀਆਂ ਸਮੇਤ ਸਰਕਾਰੀ ਕੈਟਲ ਪਾਉਂਡ ਗਊਸ਼ਾਲਾ ਪਿੰਡ ਸੁੱਖੇ ਮਾਜਰਾ ਦਾ ਦੌਰਾ ਕਰਕੇ ਗਊਧਨ ਲਈ ਮੌਜੂਦਾ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਐੱਸਪੀ ਅਰਵਿੰਦ ਮੀਨਾ, ਉਪ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਅਮਿਤ ਕੁਮਾਰ, ਜ਼ਿਲ੍ਹਾ ਪੇਂਡੂ ਵਿਕਾਸ ਅਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ, ਬੀਡੀਪੀਓ ਰੂਪਨਗਰ ਅਮਿਤ ਸ਼ਰਮਾ, ਬੀਡੀਪੀਓ ਸ੍ਰੀ ਅਨੰਦਪੁਰ ਸਾਹਿਬ ਇਸ਼ਾਨ ਚੌਧਰੀ, ਬੀਡੀਪੀਓ ਨੂਰਪੁਰ ਬੇਦੀ ਅਮਰੀਕ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕ ਮੌਜੂਦ ਸਨ।