Close

Deputy Commissioner inspected the door-to-door distribution of enumeration forms by BLOs under Voter List Rectification (SIR)

Publish Date : 26/06/2026
Deputy Commissioner inspected the door-to-door distribution of enumeration forms by BLOs under Voter List Rectification (SIR)

ਡਿਪਟੀ ਕਮਿਸ਼ਨਰ ਨੇ ਵੋਟਰ ਸੂਚੀ ਸੁਧਾਈ (ਐੱਸ.ਆਈ.ਆਰ.) ਤਹਿਤ ਬੀ.ਐਲ.ਓਜ਼ ਵੱਲੋਂ ਘਰ-ਘਰ ਜਾ ਕੇ ਐਨੂਮਰੇਸ਼ਨ ਫਾਰਮ ਵੰਡਣ ਮੁਹਿੰਮ ਦਾ ਨਿਰੀਖਣ ਕੀਤਾ

ਰੂਪਨਗਰ, 26 ਜੂਨ: ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਮੁਹਿੰਮ ਦੇ ਪਹਿਲੇ ਪੜਾਅ ਤਹਿਤ ਅੱਜ ਤੋਂ ਰੂਪਨਗਰ ਵਿੱਚ ਬੀ.ਐਲ.ਓਜ਼ ਵੱਲੋਂ ਘਰ-ਘਰ ਜਾ ਕੇ ਐਨੂਮਰੇਸ਼ਨ (ਗਿਣਤੀ) ਫਾਰਮ ਵੰਡਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦਾ ਨਿਰੀਖਣ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰੂਪਨਗਰ ਵੱਲੋਂ ਵੱਖ-ਵੱਖ ਥਾਵਾਂ ਉੱਤੇ ਜਾ ਕੇ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਆਪਣੇ-ਆਪਣੇ ਪੋਲਿੰਗ ਖੇਤਰਾਂ ਵਿੱਚ ਯੋਗ ਵੋਟਰਾਂ ਨੂੰ ਐਨੂਮਰੇਸ਼ਨ ਫਾਰਮ ਵੰਡੇ ਜਾ ਰਹੇ ਹਨ। ਇਸ ਦੇ ਨਾਲ ਹੀ ਵੋਟਰਾਂ ਨੂੰ ਐੱਸ.ਆਈ.ਆਰ. ਮੁਹਿੰਮ ਦੀ ਮਹੱਤਤਾ, ਫਾਰਮ ਭਰਨ ਦੀ ਪ੍ਰਕਿਰਿਆ ਅਤੇ ਲੋੜੀਂਦੇ ਦਸਤਾਵੇਜ਼ਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ, ਤਾਂ ਜੋ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਸਹੀ ਢੰਗ ਨਾਲ ਦਰਜ ਹੋ ਸਕੇ।

ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਪਹਿਲੇ ਹੀ ਦਿਨ ਬੀ.ਐਲ.ਓਜ਼ ਅਤੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟਰਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਨਾਲ ਵੋਟਰ ਸੂਚੀ ਨੂੰ ਹੋਰ ਸ਼ੁੱਧ, ਸਹੀ ਅਤੇ ਅੱਪਡੇਟ ਬਣਾਉਣ ਦੇ ਮੰਤਵ ਨੂੰ ਸਫਲਤਾ ਮਿਲਣ ਦੀ ਉਮੀਦ ਹੈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਐੱਸ.ਆਈ.ਆਰ. ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਸੁਚਾਰੂ ਅਤੇ ਲੋਕ-ਕੇਂਦਰਿਤ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ‘ਤੇ ਗ੍ਰੀਵੈਂਸ/ਸ਼ਿਕਾਇਤ ਨਿਵਾਰਣ ਸੈੱਲ ਕਾਰਜਸ਼ੀਲ ਕੀਤੇ ਗਏ ਹਨ ਤਾਂ ਜੋ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਐੱਸ.ਆਈ.ਆਰ. ਨਾਲ ਸਬੰਧਤ ਕਿਸੇ ਵੀ ਕਿਸਮ ਦੀ ਸ਼ਿਕਾਇਤ, ਸੁਝਾਅ ਜਾਂ ਜਾਣਕਾਰੀ ਲਈ ਨਾਗਰਿਕ ਭਾਰਤ ਚੋਣ ਕਮਿਸ਼ਨ ਦੇ ਹੈਲਪਲਾਈਨ ਨੰਬਰ 1950 ‘ਤੇ ਵੀ ਸੰਪਰਕ ਕਰ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ ਡੀ ਐੱਮ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਮੁਹਿੰਮ 25 ਜੂਨ ਤੋਂ 24 ਜੁਲਾਈ ਤੱਕ ਚਲਾਈ ਜਾਵੇਗੀ।

ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਜਦੋਂ ਬੀ.ਐਲ.ਓ. ਉਨ੍ਹਾਂ ਦੇ ਘਰ ਪਹੁੰਚਣ ਤਾਂ ਉਹ ਲੋੜੀਂਦੇ ਦਸਤਾਵੇਜ਼ਾਂ ਸਮੇਤ ਪੂਰਾ ਸਹਿਯੋਗ ਦੇਣ, ਤਾਂ ਜੋ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਵੋਟਰ ਸੂਚੀ ਨੂੰ ਹੋਰ ਵੀ ਸਹੀ ਅਤੇ ਭਰੋਸੇਯੋਗ ਬਣਾਇਆ ਜਾ ਸਕੇ।