Deputy Commissioner Aditya Dechalwal has issued strict instructions regarding the sale and use of firecrackers during festivals

Publish Date : 22/10/2026
Special camps will be held on October 24 in three assembly constituencies of Rupnagar district - Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਤਿਉਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਸਖ਼ਤ ਹਦਾਇਤਾਂ ਕੀਤੀਆਂ ਜਾਰੀ

ਜ਼ਿਲ੍ਹਾ ਰੂਪਨਗਰ ‘ਚ ਲੜੀਵਾਰ ਪਟਾਕਿਆਂ ਦੀ ਤਿਆਰੀ, ਭੰਡਾਰਨ, ਵਿਕਰੀ ਅਤੇ ਵਰਤੋਂ ’ਤੇ ਪੂਰਨ ਪਾਬੰਦੀ

ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਸਿਰਫ਼ ਗ੍ਰੀਨ ਪਟਾਕੇ ਹੀ ਨਿਰਧਾਰਤ ਸਮੇਂ ਦੌਰਾਨ ਚਲਾਉਣ ਦੀ ਆਗਿਆ

ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਖਰੀਦ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਨਿਰਧਾਰਤ

ਰੂਪਨਗਰ, 22 ਅਕਤੂਬਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਵੱਲੋਂ ਆਗਾਮੀ ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਸੁਰੱਖਿਅਤ ਅਤੇ ਵਾਤਾਵਰਣ-ਅਨੁਕੂਲ ਢੰਗ ਨਾਲ ਮਨਾਉਣ, ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹਵਾ ਤੇ ਧੁਨੀ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪਟਾਕਿਆਂ ਦੀ ਵਿਕਰੀ, ਖਰੀਦ, ਭੰਡਾਰਨ ਅਤੇ ਵਰਤੋਂ ਸਬੰਧੀ ਵਿਸਥਾਰਪੂਰਵਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਅਦਾਲਤਾਂ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੇ ਤਿਉਹਾਰਾਂ ਮੌਕੇ ਆਮ ਲੋਕਾਂ ਵੱਲੋਂ ਕੇਵਲ ਗ੍ਰੀਨ ਪਟਾਕਿਆਂ ਦੀ ਹੀ ਵਰਤੋਂ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਬੰਬਾਂ, ਹਵਾਈ ਪਟਾਕਿਆਂ ਅਤੇ ਚਾਈਨੀਜ਼ ਪਟਾਕਿਆਂ ਵਰਗੀਆਂ ਆਤਿਸ਼ਬਾਜ਼ੀਆਂ ਦੀ ਵਰਤੋਂ ਨਾਲ ਬਹੁਤ ਜ਼ਿਆਦਾ ਸ਼ੋਰ ਪੈਦਾ ਹੁੰਦਾ ਹੈ ਅਤੇ ਵੱਡੇ ਧਮਾਕਿਆਂ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਆਮ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ। ਖ਼ਤਰਨਾਕ ਪਟਾਕਿਆਂ ਵਿੱਚ ਵਰਤੇ ਜਾਣ ਵਾਲੇ ਰਸਾਇਣਕ ਪਦਾਰਥ ਮਨੁੱਖਾਂ ਅਤੇ ਜੀਵ-ਜੰਤੂਆਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ ਗੈਰ-ਕਾਨੂੰਨੀ ਧਮਾਕਾਖੇਜ਼ ਸਮੱਗਰੀ ਦੀ ਤਿਆਰੀ, ਭੰਡਾਰਨ, ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਸਰਕਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਅਦਿੱਤਿਆ ਡੇਚਲਵਾਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਲੜੀਵਾਰ ਪਟਾਕਿਆਂ, ਜਿਨ੍ਹਾਂ ਨੂੰ ਸੀਰੀਜ਼ ਪਟਾਕੇ ਜਾਂ ਲੜੀਆਂ ਵੀ ਕਿਹਾ ਜਾਂਦਾ ਹੈ, ਦੀ ਤਿਆਰੀ, ਭੰਡਾਰਨ, ਵੰਡ, ਵਿਕਰੀ ਅਤੇ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਮਨਜ਼ੂਰਸ਼ੁਦਾ ਗ੍ਰੀਨ ਪਟਾਕਿਆਂ ਤੋਂ ਇਲਾਵਾ ਖ਼ਤਰਨਾਕ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਟਾਕਿਆਂ ਦੀ ਵਿਕਰੀ, ਖਰੀਦ, ਭੰਡਾਰਨ ਅਤੇ ਵਰਤੋਂ ’ਤੇ ਵੀ ਪਾਬੰਦੀ ਲਾਗੂ ਹੋਵੇਗੀ।

ਉਨ੍ਹਾਂ ਦੱਸਿਆ ਕਿ ਸਿਰਫ਼ ਅਜਿਹੇ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਆਗਿਆ ਹੋਵੇਗੀ, ਜਿਨ੍ਹਾਂ ਵਿੱਚ ਬੇਰੀਅਮ ਲੂਣ ਜਾਂ ਐਂਟੀਮਨੀ, ਲਿਥੀਅਮ, ਪਾਰਾ, ਆਰਸੈਨਿਕ, ਸੀਸਾ ਜਾਂ ਸਟ੍ਰੋਂਸ਼ੀਅਮ ਕ੍ਰੋਮੇਟ ਦੇ ਮਿਸ਼ਰਣਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ। ਮਨਜ਼ੂਰਸ਼ੁਦਾ ਪਟਾਕਿਆਂ ਦੀ ਵਿਕਰੀ ਕੇਵਲ ਲਾਇਸੈਂਸਧਾਰਕ ਵਿਕਰੇਤਾਵਾਂ ਰਾਹੀਂ ਹੀ ਕੀਤੀ ਜਾ ਸਕੇਗੀ। ਕਿਸੇ ਵੀ ਲਾਇਸੈਂਸਧਾਰਕ ਨੂੰ ਨਿਰਧਾਰਤ ਧੁਨੀ ਪੱਧਰ ਦੀ ਉਲੰਘਣਾ ਕਰਨ ਵਾਲੇ ਪਟਾਕਿਆਂ ਦਾ ਭੰਡਾਰਨ ਕਰਨ, ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਜਾਂ ਵੇਚਣ ਦੀ ਆਗਿਆ ਨਹੀਂ ਹੋਵੇਗੀ।

ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਦੀਵਾਲੀ ਮੌਕੇ 8 ਨਵੰਬਰ 2026 ਨੂੰ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ, ਗੁਰਪੁਰਬ ਮੌਕੇ 24 ਨਵੰਬਰ 2026 ਨੂੰ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ ਕ੍ਰਿਸਮਸ ਮੌਕੇ 25-26 ਦਸੰਬਰ 2026 ਨੂੰ ਰਾਤ 11:55 ਵਜੇ ਤੋਂ ਅੱਧੀ ਰਾਤ ਤੋਂ ਬਾਅਦ 12:30 ਵਜੇ ਤੱਕ ਅਤੇ ਨਵੇਂ ਸਾਲ ਮੌਕੇ 31 ਦਸੰਬਰ 2026 ਤੋਂ 1 ਜਨਵਰੀ 2027 ਦੀ ਦਰਮਿਆਨੀ ਰਾਤ ਨੂੰ ਰਾਤ 11:55 ਵਜੇ ਤੋਂ ਅਗਲੇ ਦਿਨ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਇਨ੍ਹਾਂ ਨਿਰਧਾਰਤ ਸਮਿਆਂ ਤੋਂ ਇਲਾਵਾ ਪਟਾਕੇ ਚਲਾਉਣ ਦੀ ਆਗਿਆ ਨਹੀਂ ਹੋਵੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਖਰੀਦ ਲਈ ਨਿਰਧਾਰਤ ਥਾਵਾਂ ਸਬੰਧੀ ਹੁਕਮਾਂ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਲਈ ਸਥਾਨ ਨਿਰਧਾਰਤ ਕੀਤੇ ਗਏ ਹਨ। ਰੂਪਨਗਰ ਵਿੱਚ ਨਹਿਰੂ ਸਟੇਡੀਅਮ ਅਤੇ ਰਾਮ ਲੀਲਾ ਗਰਾਊਂਡ, ਲਹਿਰੀ ਸ਼ਾਹ ਮੰਦਰ ਦੇ ਨੇੜੇ, ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਖਰੀਦ ਲਈ ਨਿਰਧਾਰਤ ਕੀਤੇ ਗਏ ਹਨ। ਸ੍ਰੀ ਚਮਕੌਰ ਸਾਹਿਬ ਵਿਖੇ ਮੋਰਿੰਡਾ-ਬੇਲਾ ਰੋਡ ’ਤੇ ਸਥਿਤ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਖੇਡ ਸਟੇਡੀਅਮ ਅਤੇ ਸਿਟੀ ਸੈਂਟਰ ਸ੍ਰੀ ਚਮਕੌਰ ਸਾਹਿਬ ਨੂੰ ਨਿਰਧਾਰਤ ਸਥਾਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਮੋਰਿੰਡਾ ਵਿੱਚ ਬੱਸ ਸਟੈਂਡ ਦੇ ਨੇੜੇ ਰਾਮ ਲੀਲਾ ਗਰਾਊਂਡ ਵਿਖੇ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਖਰੀਦ ਕੀਤੀ ਜਾ ਸਕੇਗੀ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਲਈ ਨੂਰਪੁਰਬੇਦੀ (ਨੇੜੇ ਡਾਕਖਾਨਾ/ਰੂਪਨਗਰ ਰੋਡ), ਸ੍ਰੀ ਅਨੰਦਪੁਰ ਸਾਹਿਬ ਵਿਖੇ ਚਰਨ ਗੰਗਾ ਸਟੇਡੀਅਮ ਦੇ ਨੇੜੇ ਪਾਰਕਿੰਗ ਸਥਾਨ ਅਤੇ ਕੀਰਤਪੁਰ ਸਾਹਿਬ ਵਿਖੇ ਸੇਵਾ ਕੇਂਦਰ ਦੇ ਨੇੜੇ ਵਾਲੀ ਥਾਂ ਨਿਰਧਾਰਤ ਕੀਤੀ ਗਈ ਹੈ। ਨੰਗਲ ਵਿਖੇ ਮਾਰਕੀਟ ਸੈਕਟਰ-2, ਨਵਾਂ ਨੰਗਲ, ਬੀ.ਐੱਸ.ਐੱਨ.ਐੱਲ. ਐਕਸਚੇਂਜ ਦੇ ਨੇੜੇ, ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਮਾਰਕੀਟ ਦੇ ਨੇੜੇ ਅਤੇ ਡੀ.ਐੱਸ. ਬਲਾਕ ਦੀ ਟੈਂਕੀ ਦੇ ਨੇੜੇ ਵਾਲੀਆਂ ਥਾਵਾਂ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਖਰੀਦ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਥਾਵਾਂ ’ਤੇ ਲੋੜੀਂਦੇ ਪ੍ਰਬੰਧ ਕਰਨ ਅਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਫਲਿੱਪਕਾਰਟ, ਐਮਾਜ਼ੋਨ ਸਮੇਤ ਕਿਸੇ ਵੀ ਈ-ਕਾਮਰਸ ਵੈੱਬਸਾਈਟ ਵੱਲੋਂ ਜ਼ਿਲ੍ਹਾ ਰੂਪਨਗਰ ਅੰਦਰ ਪਟਾਕਿਆਂ ਦੇ ਆਨਲਾਈਨ ਆਰਡਰ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਆਨਲਾਈਨ ਵਿਕਰੀ ਕੀਤੀ ਜਾ ਸਕੇਗੀ।

ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਕੇਵਲ ਮਨਜ਼ੂਰਸ਼ੁਦਾ ਗ੍ਰੀਨ ਪਟਾਕਿਆਂ ਦੀ ਵਰਤੋਂ ਕਰਨ ਅਤੇ ਨਿਰਧਾਰਤ ਸਮੇਂ ਤੇ ਥਾਵਾਂ ਦੀ ਪਾਬੰਦੀ ਦਾ ਸਖ਼ਤੀ ਨਾਲ ਪਾਲਣ ਕਰਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀਆਂ ਖੁਸ਼ੀਆਂ ਮਨਾਉਂਦੇ ਸਮੇਂ ਬੱਚਿਆਂ, ਬਜ਼ੁਰਗਾਂ, ਬਿਮਾਰ ਵਿਅਕਤੀਆਂ ਅਤੇ ਪਸ਼ੂ-ਪੰਛੀਆਂ ਦੀ ਸੁਰੱਖਿਆ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਜੋ ਸਾਰੇ ਤਿਉਹਾਰ ਸੁਰੱਖਿਅਤ, ਸ਼ਾਂਤਮਈ ਅਤੇ ਵਾਤਾਵਰਣ-ਅਨੁਕੂਲ ਢੰਗ ਨਾਲ ਮਨਾਏ ਜਾ ਸਕਣ।