Ban on bathing and roaming on the banks of the Sutlej River, canals, rivers and streams during monsoon
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਮਾਨਸੂਨ ਦੌਰਾਨ ਸਤਲੁਜ ਦਰਿਆ, ਨਹਿਰਾਂ, ਨਦੀਆਂ ਅਤੇ ਸੂਇਆਂ ‘ਚ ਨਹਾਉਣ ਅਤੇ ਕਿਨਾਰਿਆਂ ‘ਤੇ ਘੁੰਮਣ ‘ਤੇ ਪਾਬੰਦੀ
ਰੂਪਨਗਰ, 2 ਜੁਲਾਈ: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਰੂਪਨਗਰ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ, ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ, ਤੈਰਨ ਅਤੇ ਇਨ੍ਹਾਂ ਦੇ ਕਿਨਾਰਿਆਂ ‘ਤੇ ਘੁੰਮਣ ‘ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮਾਨਸੂਨ ਦੇ ਮੌਸਮ ਅਤੇ ਗਰਮੀ ਤੋਂ ਰਾਹਤ ਲੈਣ ਲਈ ਬੱਚੇ ਅਤੇ ਆਮ ਲੋਕ ਅਕਸਰ ਆਪਣੇ ਨੇੜਲੇ ਸਤਲੁਜ ਦਰਿਆ, ਹੋਰ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਜਾਂ ਤੈਰਨ ਲਈ ਚਲੇ ਜਾਂਦੇ ਹਨ। ਪਰੰਤੂ ਇਨ੍ਹਾਂ ਦਿਨਾਂ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਤੇਜ਼ੀ ਨਾਲ ਵੱਧ ਰਹੀ ਹੈ। ਡੈਮ ਵਿੱਚ ਪਾਣੀ ਦਾ ਪੱਧਰ ਵਧਣ ਦੀ ਸਥਿਤੀ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਵੱਲੋਂ ਸਤਲੁਜ ਦਰਿਆ ਅਤੇ ਨਹਿਰਾਂ ਵਿੱਚ ਪਾਣੀ ਛੱਡਿਆ ਜਾਂਦਾ ਹੈ, ਜਿਸ ਕਾਰਨ ਕਿਸੇ ਵੀ ਸਮੇਂ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਨਹਾਉਣ ਜਾਂ ਤੈਰਨ ਲਈ ਜਾਣ ਵਾਲੇ ਬੱਚਿਆਂ ਅਤੇ ਆਮ ਲੋਕਾਂ ਨੂੰ ਦਰਿਆਵਾਂ, ਨਹਿਰਾਂ ਅਤੇ ਸੂਇਆਂ ਦੀ ਡੂੰਘਾਈ ਅਤੇ ਪਾਣੀ ਦੇ ਤੇਜ਼ ਵਹਾਅ ਦਾ ਸਹੀ ਅੰਦਾਜ਼ਾ ਨਹੀਂ ਹੁੰਦਾ, ਜਿਸ ਕਾਰਨ ਡੁੱਬਣ ਵਰਗੇ ਹਾਦਸਿਆਂ ਦਾ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਤਲੁਜ ਦਰਿਆ, ਹੋਰ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ, ਤੈਰਨ ਅਤੇ ਇਨ੍ਹਾਂ ਦੇ ਕਿਨਾਰਿਆਂ ‘ਤੇ ਘੁੰਮਣ ‘ਤੇ ਪਾਬੰਦੀ ਲਗਾਉਣੀ ਜ਼ਰੂਰੀ ਸਮਝੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਹੁਕਮ 2 ਜੁਲਾਈ 2026 ਤੋਂ 2 ਸਤੰਬਰ 2026 ਤੱਕ ਲਾਗੂ ਰਹਿਣਗੇ।