Census-2027: People made aware about the self-enumeration process
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜਨਗਣਨਾ-2027: ਸਵੈ-ਗਣਨਾ ਪ੍ਰਕਿਰਿਆ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
ਰੂਪਨਗਰ, 01 ਨਵੰਬਰ: ਜਨਗਣਨਾ-2027 ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਵਿੱਚ ਲੋਕਾਂ ਨੂੰ ਸਵੈ-ਗਣਨਾ ਦੀ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਹ ਮੁਹਿੰਮ ਪ੍ਰਿੰਸੀਪਲ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਕਸ਼ਿਤਾ ਗੁਪਤਾ ਅਤੇ ਡਿਪਟੀ ਸਟੈਟਿਸਟੀਕਲ ਐਂਡ ਇਕਨਾਮਿਕ ਅਫ਼ਸਰ ਸ੍ਰੀ ਅਰੁਣ ਕੁਮਾਰ ਮਹਾਜਨ ਦੀ ਅਗਵਾਈ ਹੇਠ ਚਲਾਈ ਗਈ।
ਇਸ ਮੁਹਿੰਮ ਦੌਰਾਨ ਜ਼ਿਲ੍ਹਾ ਮਾਸਟਰ ਟ੍ਰੇਨਰ ਸ. ਸਤਨਾਮ ਸਿੰਘ, ਇਨਵੈਸਟੀਗੇਟਰ ਸ. ਸੁਖਵੀਰ ਸਿੰਘ ਅਤੇ ਯੰਗ ਪ੍ਰੋਫੈਸ਼ਨਲ ਸ. ਸਤਵਿੰਦਰ ਸਿੰਘ ਨੇ ਲੋਕਾਂ ਨੂੰ ਸਵੈ-ਗਣਨਾ ਦੀ ਮਹੱਤਤਾ ਅਤੇ ਇਸ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਆਨਲਾਈਨ ਸਹੂਲਤ ਰਾਹੀਂ ਨਾਗਰਿਕ ਘਰ ਬੈਠੇ ਹੀ ਆਪਣੇ ਘਰ ਅਤੇ ਪਰਿਵਾਰ ਸਬੰਧੀ ਲੋੜੀਂਦੀ ਜਾਣਕਾਰੀ ਦਰਜ ਕਰਵਾ ਸਕਦੇ ਹਨ ਅਤੇ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਵੈ-ਗਣਨਾ ਆਈ.ਡੀ. ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਲੋਕਾਂ ਨੂੰ ਪੋਰਟਲ ‘ਤੇ ਰਜਿਸਟ੍ਰੇਸ਼ਨ, ਮੋਬਾਈਲ ਓ.ਟੀ.ਪੀ. ਰਾਹੀਂ ਤਸਦੀਕ, ਘਰ ਦੀ ਸਥਿਤੀ ਦਰਜ ਕਰਨ ਅਤੇ ਸਹੀ ਜਾਣਕਾਰੀ ਭਰਨ ਬਾਰੇ ਵੀ ਜਾਣੂ ਕਰਵਾਇਆ ਗਿਆ।
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ-2027 ਵਿੱਚ ਸਰਗਰਮੀ ਨਾਲ ਭਾਗ ਲੈਣ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣ, ਤਾਂ ਜੋ ਦੇਸ਼ ਦੇ ਵਿਕਾਸ ਅਤੇ ਸਿੱਖਿਆ, ਸਿਹਤ, ਰੁਜ਼ਗਾਰ ਸਮੇਤ ਵੱਖ-ਵੱਖ ਖੇਤਰਾਂ ਦੀ ਯੋਜਨਾਬੰਦੀ ਲਈ ਭਰੋਸੇਯੋਗ ਅੰਕੜੇ ਉਪਲਬਧ ਹੋ ਸਕਣ।
ਇਸ ਮੌਕੇ ਤਹਿਸੀਲਦਾਰ ਰੂਪਨਗਰ ਸ. ਸੁਰਿੰਦਰਪਾਲ ਸਿੰਘ ਪੰਨੂ, ਜ਼ਿਲ੍ਹਾ ਕੋਆਰਡੀਨੇਟਰ ਜਨਗਣਨਾ ਸ੍ਰੀ ਸਤਿਆ ਨਾਰਾਇਣ, ਸ. ਧਰਮਪ੍ਰੀਤ ਸਿੰਘ, ਜ਼ਿਲ੍ਹਾ ਮਾਸਟਰ ਟ੍ਰੇਨਰ ਸ. ਰਬਿੰਦਰ ਸਿੰਘ ਰੱਬੀ ਅਤੇ ਸ੍ਰੀ ਰੋਹਿਤ ਕੁਮਾਰ ਵੀ ਹਾਜ਼ਰ ਸਨ।