Red Cross launches evening school for education of children in slum areas

Publish Date : 30/10/2026
Red Cross launches evening school for education of children in slum areas

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਲੱਮ ਖੇਤਰ ਦੇ ਬੱਚਿਆਂ ਦੀ ਸਿੱਖਿਆ ਲਈ ਰੈੱਡ ਕਰਾਸ ਵੱਲੋਂ ਈਵਨਿੰਗ ਸਕੂਲ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਸਰਕਾਰੀ ਐਲੀਮੈਂਟਰੀ ਸਕੂਲ ਸਦਾ ਵਰਤ ਵਿਖੇ ਸ਼ੁਰੂ ਕੀਤੀਆਂ ਸ਼ਾਮ ਦੀਆਂ ਕਲਾਸਾਂ

ਰੂਪਨਗਰ, 30 ਅਕਤੂਬਰ: ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਰੂਪਨਗਰ ਅਧੀਨ ਬਾਲ ਭਲਾਈ ਕੌਂਸਲ ਵੱਲੋਂ ਸਲੱਮ ਖੇਤਰ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੇ ਉਦੇਸ਼ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਸਦਾ ਵਰਤ ਵਿਖੇ ਈਵਨਿੰਗ ਸਕੂਲ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਬਾਲ ਭਲਾਈ ਕੌਂਸਲ ਦੀ ਚੇਅਰਪਰਸਨ ਸ੍ਰੀਮਤੀ ਰੇਨਰੀਟਾ ਡੇਚਲਵਾਲ ਵੱਲੋਂ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਅਜਿਹੇ ਬੱਚੇ ਜੋ ਘਰੇਲੂ ਮਜਬੂਰੀਆਂ ਕਾਰਨ ਸਕੂਲ ਨਹੀਂ ਜਾ ਸਕੇ ਜਾਂ ਸਕੂਲਾਂ ਵਿੱਚ ਪੜ੍ਹ ਰਹੇ ਜਿਨ੍ਹਾਂ ਬੱਚਿਆਂ ਨੂੰ ਪੜ੍ਹਾਈ ਵਿੱਚ ਵਾਧੂ ਸਹਾਇਤਾ ਦੀ ਲੋੜ ਹੈ, ਉਨ੍ਹਾਂ ਲਈ ਸ਼ਾਮ 3 ਵਜੇ ਤੋਂ 5 ਵਜੇ ਤੱਕ ਵਿਸ਼ੇਸ਼ ਕਲਾਸਾਂ ਲਗਾਈਆਂ ਜਾਣਗੀਆਂ। ਇਸ ਉਪਰਾਲੇ ਦਾ ਮਕਸਦ ਬੱਚਿਆਂ ਨੂੰ ਸਿੱਖਿਆ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀ ਪੜ੍ਹਾਈ ਵਿੱਚ ਮਦਦ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਸਬੰਧੀ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਸਟਾਫ਼ ਸਮੇਤ ਸਬੰਧਤ ਖੇਤਰ ਦੇ ਘਰਾਂ ਵਿੱਚ ਜਾ ਕੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ ਸੀ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਈਵਨਿੰਗ ਸਕੂਲ ਭੇਜਣ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਇਲਾਵਾ ਇੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਲੋੜੀਂਦੀ ਸਟੇਸ਼ਨਰੀ ਅਤੇ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ ਗੁਰਸੋਹਣ ਸਿੰਘ, ਸ੍ਰੀ ਗੁਰਿੰਦਰ ਸਿੰਘ, ਸ੍ਰੀ ਸਿਮਰਨਜੀਤ ਸਿੰਘ ਅਤੇ ਈਵਨਿੰਗ ਕਲਾਸਾਂ ਦੀ ਅਧਿਆਪਕਾ ਦਿਵਿਆ ਸ਼ਰਮਾ ਹਾਜ਼ਰ ਸਨ।