Grand welcome for the Hero Men’s Asian Hockey Champions Trophy-2026 upon its arrival in Rupnagar
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਹੀਰੋ ਮੇਨਜ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦਾ ਰੂਪਨਗਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ
ਟਰਾਫੀ ਦੀ ਆਮਦ ਨਾਲ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ
ਨੌਜਵਾਨ ਹਾਕੀ ਖਿਡਾਰੀਆਂ ਨੇ ਦਿਖਾਈ ਖੇਡ ਪ੍ਰਤਿਭਾ
ਰੂਪਨਗਰ, 24 ਅਕਤੂਬਰ: ਹੀਰੋ ਮੇਨਜ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਅੱਜ ਰੂਪਨਗਰ ਪਹੁੰਚਣ ’ਤੇ ਜ਼ਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਟਰਾਫੀ ਦੀ ਆਮਦ ਮੌਕੇ ਖਿਡਾਰੀਆਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਸ. ਇੰਦਰਪਾਲ ਸਿੰਘ ਰਾਜੂ ਸਤਿਆਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਟਰਾਫੀ ਦਾ ਸਵਾਗਤ ਕੀਤਾ। ਇਸ ਇਤਿਹਾਸਕ ਪਲ ਨੂੰ ਯਾਦਗਾਰੀ ਬਣਾਉਣ ਲਈ ਖੇਡ ਵਿਭਾਗ ਵੱਲੋਂ ਵਿਸ਼ੇਸ਼ ਹਾਕੀ ਮੈਚ ਵੀ ਕਰਵਾਇਆ ਗਿਆ, ਜਿਸ ਵਿੱਚ ਨੌਜਵਾਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਚ ਦੌਰਾਨ ਖਿਡਾਰੀਆਂ ਦੇ ਉਤਸ਼ਾਹ ਅਤੇ ਜਜ਼ਬੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਖੇਡ ਪ੍ਰੇਮੀਆਂ ਨੇ ਤਾੜੀਆਂ ਨਾਲ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਰੂਪਨਗਰ ਪਹੁੰਚਣਾ ਜ਼ਿਲ੍ਹੇ ਦੇ ਖੇਡ ਜਗਤ ਅਤੇ ਨੌਜਵਾਨਾਂ ਲਈ ਮਾਣ ਵਾਲਾ ਮੌਕਾ ਹੈ। ਅਜਿਹੇ ਉਪਰਾਲੇ ਨੌਜਵਾਨਾਂ ਨੂੰ ਹਾਕੀ ਸਮੇਤ ਹੋਰ ਖੇਡਾਂ ਨਾਲ ਜੁੜਨ ਅਤੇ ਖੇਡਾਂ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਨਿਖਾਰਨ ਲਈ ਪ੍ਰੇਰਿਤ ਕਰਦੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਨੇ ਦੱਸਿਆ ਕਿ ਟਰਾਫੀ ਯਾਤਰਾ ਦਾ ਮੁੱਖ ਉਦੇਸ਼ ਪੰਜਾਬ ਦੀ ਅਮੀਰ ਹਾਕੀ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਅਲਾਮਤਾਂ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਮਿਹਨਤ ਅਤੇ ਟੀਮ ਭਾਵਨਾ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਸ ਸਵਾਗਤੀ ਸਮਾਰੋਹ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਹਾਕੀ ਖਿਡਾਰੀਆਂ ਤੋਂ ਇਲਾਵਾ ਬੈਡਮਿੰਟਨ ਕੋਚ ਸ੍ਰੀਮਤੀ ਸੀਲ ਭਗਤ ਅਤੇ ਸ੍ਰੀਮਤੀ ਰੀਤੂ, ਤੈਰਾਕੀ ਕੋਚ ਸ੍ਰੀ ਨਰੇਸ਼ ਰਾਜੋਰੀਆਂ ਅਤੇ ਸ੍ਰੀ ਪਿੰਕਾਸ ਧੀਮਾਨ, ਐਥਲੈਟਿਕਸ ਕੋਚ ਮਿਸ ਤਨਵੀਰ ਕੌਰ ਅਤੇ ਮਿਸ ਅੰਮ੍ਰਿਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।