Need to adopt latest techniques to increase sugarcane yield per hectare: Cane Commissioner

Publish Date : 14/10/2026
Need to adopt latest techniques to increase sugarcane yield per hectare: Cane Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵਧਾਉਣ ਲਈ ਨਵੀਨਤਮ ਤਕਨੀਕਾਂ ਅਪਣਾਉਣ ਦੀ ਲੋੜ: ਕੇਨ ਕਮਿਸ਼ਨਰ

ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਵੱਲੋਂ ਮੋਰਿੰਡਾ ਸਹਿਕਾਰੀ ਖੰਡ ਮਿੱਲ ਦੇ ਅਧਿਕਾਰ ਖੇਤਰ ਅਧੀਨ ਵੱਖ-ਵੱਖ ਪਿੰਡਾਂ ਦਾ ਦੌਰਾ

ਮੋਰਿੰਡਾ, 14 ਅਕਤੂਬਰ: ਅੱਸੂ ਰੁੱਤ ਦੇ ਗੰਨੇ ਦੀ ਬਿਜਾਈ ਦਾ ਜਾਇਜ਼ਾ ਲੈਣ ਅਤੇ ਕਿਸਾਨਾਂ ਨੂੰ ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਨਵੀਨਤਮ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨੇ ਮੋਰਿੰਡਾ ਸਹਿਕਾਰੀ ਖੰਡ ਮਿੱਲ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡਾਂ ਮੁੰਡੀਆਂ, ਭਾਗੋਮਾਜਰਾ, ਮਕੜੋਂਨਾ ਅਤੇ ਗੱਗੋਂ ਦਾ ਦੌਰਾ ਕੀਤਾ। ਇਸ ਮੌਕੇ ਡਾ. ਜਸਵਿੰਦਰ ਸਿੰਘ, ਸਹਾਇਕ ਗੰਨਾ ਵਿਕਾਸ ਅਧਿਕਾਰੀ ਅਤੇ ਡਾ. ਰਵਿੰਦਰ ਸਿੰਘ, ਗੰਨਾ ਵਿਕਾਸ ਅਧਿਕਾਰੀ ਵੀ ਹਾਜ਼ਰ ਸਨ।

ਇਸ ਦੌਰਾਨ ਉਨ੍ਹਾਂ ਪਿੰਡ ਗੱਗੋਂ ਵਿਖੇ ਅਗਾਂਹਵਧੂ ਗੰਨਾ ਕਾਸ਼ਤਕਾਰ ਤਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਗੰਨੇ ਦੀ ਬਿਜਾਈ ਦਾ ਜਾਇਜ਼ਾ ਲਿਆ ਅਤੇ ਪ੍ਰਤੀ ਹੈਕਟੇਅਰ ਵੱਧ ਪੈਦਾਵਾਰ ਪ੍ਰਾਪਤ ਕਰਨ ਲਈ ਜ਼ਰੂਰੀ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਾਲ ਲਗਭਗ 1.16 ਲੱਖ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 3,800 ਹੈਕਟੇਅਰ ਵੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਸਹਿਕਾਰੀ ਖੰਡ ਮਿੱਲਾਂ ਰਾਹੀਂ ਗੰਨਾ ਕਾਸ਼ਤਕਾਰਾਂ ਨੂੰ 100 ਫ਼ੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਪੰਜਾਬ ਵਿੱਚ ਗੰਨੇ ਦੀ ਬਿਜਾਈ ਫੱਗਣ ਮਹੀਨੇ ਦੌਰਾਨ ਢਾਈ ਫੁੱਟ ਦੀ ਦੂਰੀ ਵਾਲੀਆਂ ਕਤਾਰਾਂ ਵਿੱਚ ਕੀਤੀ ਜਾਂਦੀ ਹੈ, ਪਰ ਮੋਰਿੰਡਾ ਸਹਿਕਾਰੀ ਖੰਡ ਮਿੱਲ ਦੇ ਅਧਿਕਾਰ ਖੇਤਰ ਵਿੱਚ ਅੱਸੂ ਰੁੱਤ ਦੌਰਾਨ ਗੰਨੇ ਦੀ ਬਿਜਾਈ ਵਧੇਰੇ ਕੀਤੀ ਜਾਂਦੀ ਹੈ। ਇਸ ਨਾਲ ਖੰਡ ਦੀ ਰਿਕਵਰੀ ਵਧੇਰੇ ਪ੍ਰਾਪਤ ਹੁੰਦੀ ਹੈ, ਜੋ ਪੰਜਾਬ ਵਿੱਚ ਸਭ ਤੋਂ ਵੱਧ ਹੈ।

ਉਨ੍ਹਾਂ ਦੱਸਿਆ ਕਿ ਢਾਈ ਫੁੱਟ ਦੀ ਦੂਰੀ ਵਾਲੀਆਂ ਕਤਾਰਾਂ ਵਿੱਚ ਗੰਨੇ ਦੀ ਬਿਜਾਈ ਕਰਨ ਨਾਲ ਪ੍ਰਤੀ ਏਕੜ ਪੈਦਾਵਾਰ ਅਤੇ ਖੰਡ ਦੀ ਪ੍ਰਾਪਤੀ ਘੱਟ ਰਹਿ ਸਕਦੀ ਹੈ। ਇਸ ਕਾਰਨ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ ਅਤੇ ਖੇਤੀ ਲਾਗਤਾਂ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੰਨੇ ਹੇਠਲੇ ਕੁੱਲ ਰਕਬੇ ਵਿੱਚੋਂ ਢਾਈ ਤੋਂ ਤਿੰਨ ਫ਼ੀਸਦੀ ਰਕਬੇ ਵਿੱਚ ਅੱਸੂ ਰੁੱਤ ਦੇ ਗੰਨੇ ਦੀ ਬਿਜਾਈ ਜ਼ਰੂਰ ਕਰਨ, ਤਾਂ ਜੋ ਪ੍ਰਤੀ ਏਕੜ ਪੈਦਾਵਾਰ ਅਤੇ ਖੰਡ ਦੀ ਪ੍ਰਾਪਤੀ ਵਿੱਚ ਵਾਧਾ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਅੱਸੂ ਰੁੱਤ ਦੇ ਗੰਨੇ ਦੀ ਬਿਜਾਈ ਦਾ ਕੰਮ 20 ਅਕਤੂਬਰ ਤੱਕ ਮੁਕੰਮਲ ਕਰ ਲੈਣਾ ਚਾਹੀਦਾ ਹੈ। ਬਿਜਾਈ ਵਿੱਚ ਦੇਰੀ ਹੋਣ ਨਾਲ ਗੰਨੇ ਦੇ ਬੀਜ ਦਾ ਜੰਮ ਘੱਟ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਪੈਦਾਵਾਰ ’ਤੇ ਪੈਂਦਾ ਹੈ।

ਗੰਨੇ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੀਜ ਲਈ ਗੰਨੇ ਦਾ ਉਪਰਲਾ ਤੀਜਾ ਹਿੱਸਾ ਹੀ ਵਰਤਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਦੋ ਅੱਖਾਂ ਵਾਲੇ ਤਿਆਰ ਕੀਤੇ ਬੀਜ ਨੂੰ ਉੱਲੀਨਾਸ਼ਕ ਨਾਲ ਸੋਧਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਵਧੇਰੇ ਪੈਦਾਵਾਰ ਲਈ ਚੌੜੀ ਵਿੱਥ ਵਾਲੀ ਡੂੰਘੀ ਖਾਲੀ ਵਿਧੀ ਅਪਣਾਉਣ ਦੀ ਸਲਾਹ ਦਿੱਤੀ, ਜਿਸ ਤਹਿਤ ਕਤਾਰਾਂ ਵਿਚਕਾਰ 4 ਤੋਂ 5 ਫੁੱਟ ਦੀ ਦੂਰੀ ਰੱਖ ਕੇ ਇਕਹਿਰੀ ਖਾਲੀ ਵਿੱਚ ਬਿਜਾਈ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਨਦੀਨਾਂ ਦੀ ਰੋਕਥਾਮ, ਮਸ਼ੀਨੀ ਗੋਡੀ, ਮਿੱਟੀ ਚੜ੍ਹਾਉਣ ਅਤੇ ਹੋਰ ਖੇਤੀ ਕਾਰਜ ਕਰਨਾ ਆਸਾਨ ਹੋ ਜਾਂਦਾ ਹੈ। ਕਤਾਰਾਂ ਵਿਚਕਾਰ ਹਵਾ ਅਤੇ ਧੁੱਪ ਦਾ ਵਧੀਆ ਸੰਚਾਰ ਹੋਣ ਨਾਲ ਫ਼ਸਲ ਦਾ ਵਿਕਾਸ ਵੀ ਸੁਚੱਜੇ ਢੰਗ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਬੱਚਤ, ਜੜ੍ਹਾਂ ਦੇ ਬਿਹਤਰ ਵਿਕਾਸ ਅਤੇ ਗੰਨੇ ਦੇ ਮਜ਼ਬੂਤ ਵਾਧੇ ਵਿੱਚ ਮਦਦ ਮਿਲਦੀ ਹੈ। ਹਵਾ ਅਤੇ ਮੀਂਹ ਕਾਰਨ ਫ਼ਸਲ ਦੇ ਡਿੱਗਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਦਾ ਇੱਕ ਹੋਰ ਮਹੱਤਵਪੂਰਨ ਲਾਭ ਇਹ ਹੈ ਕਿ ਗੰਨੇ ਦੀ ਮਕੈਨੀਕਲ ਕਟਾਈ ਹਾਰਵੈਸਟਰ ਰਾਹੀਂ ਵਧੇਰੇ ਸੁਚੱਜੇ ਢੰਗ ਨਾਲ ਕੀਤੀ ਜਾ ਸਕਦੀ ਹੈ।

ਅੰਤਰ ਫ਼ਸਲਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਗੰਨੇ ਦੀ ਫ਼ਸਲ ਵਿੱਚ ਕਾਲੀ ਸਰ੍ਹੋਂ ਦੀ ਬਜਾਏ ਪੀਲੀ ਸਰ੍ਹੋਂ ਨੂੰ ਅੰਤਰ ਫ਼ਸਲ ਵਜੋਂ ਬੀਜਣਾ ਚਾਹੀਦਾ ਹੈ, ਕਿਉਂਕਿ ਪੀਲੀ ਸਰ੍ਹੋਂ ਦਾ ਕੱਦ ਮਧਰਾ ਹੋਣ ਕਾਰਨ ਇਹ ਗੰਨੇ ਦੀ ਫ਼ਸਲ ਦੇ ਵਿਕਾਸ ਨੂੰ ਘੱਟ ਪ੍ਰਭਾਵਿਤ ਕਰਦੀ ਹੈ।

ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਖੇਤੀ ਰਸਾਇਣਾਂ, ਖ਼ਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਲੋੜ ਅਨੁਸਾਰ ਅਤੇ ਖੇਤੀ ਮਾਹਿਰਾਂ ਦੀ ਸਲਾਹ ਮੁਤਾਬਕ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਵੀਨਤਮ ਖੇਤੀ ਤਕਨੀਕਾਂ ਨੂੰ ਅਪਣਾਉਣ, ਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਅਤੇ ਸਮੇਂ ਸਿਰ ਖੇਤੀ ਕਾਰਜ ਮੁਕੰਮਲ ਕਰਨ ਨਾਲ ਗੰਨੇ ਦੀ ਪੈਦਾਵਾਰ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।