District Language Office Rupnagar appeals to schools, colleges and rural libraries to obtain books under a grant of up to Rs. 25,000
p>ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ ਵੱਲੋਂ ਸਕੂਲਾਂ, ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਨੂੰ 25 ਹਜ਼ਾਰ ਰੁਪਏ ਤੱਕ ਦੀ ਮੇਲਵੀਂ ਗਰਾਂਟ ਤਹਿਤ ਪੁਸਤਕਾਂ ਪ੍ਰਾਪਤ ਕਰਨ ਦੀ ਅਪੀਲ
ਸੰਸਥਾਵਾਂ ਆਪਣੇ ਮੁਖੀਆਂ ਦੇ ਦਸਤਖ਼ਤਾਂ ਅਤੇ ਮੋਹਰ ਸਮੇਤ ਬਿਨੈ-ਪੱਤਰ ਭੇਜਣ – ਜ਼ਿਲ੍ਹਾ ਭਾਸ਼ਾ ਅਫ਼ਸਰ
ਰੂਪਨਗਰ, 13 ਅਕਤੂਬਰ: ਗਿਆਨ, ਸਾਹਿਤ ਅਤੇ ਪੜ੍ਹਨ-ਲਿਖਣ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਰਕਾਰੀ ਅਤੇ ਨਿੱਜੀ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਨੂੰ ਆਪਣੀਆਂ ਲਾਇਬ੍ਰੇਰੀਆਂ ਸੇਵਾਵਾਂ ਹੋਰ ਬਿਹਤਰ ਬਣਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਯੋਗ ਸੰਸਥਾਵਾਂ ਨੂੰ 25,000 ਰੁਪਏ ਤੱਕ ਦੀ ਮੇਲਵੀਂ ਗਰਾਂਟ ਰਾਹੀਂ ਪੁਸਤਕਾਂ ਪ੍ਰਾਪਤ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਰੂਪਨਗਰ ਤੇਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਸਤਕਾਂ ਮਨੁੱਖ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਸ ਦੀ ਸੋਚ ਨੂੰ ਵਿਸ਼ਾਲ ਅਤੇ ਦ੍ਰਿਸ਼ਟੀਕੋਣ ਨੂੰ ਉਸਾਰੂ ਬਣਾਉਂਦੀਆਂ ਹਨ। ਪੁਸਤਕਾਂ ਨਾਲ ਜੁੜਿਆ ਮਨੁੱਖ ਜਿੱਥੇ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਸਾਂਝ ਪਾਉਂਦਾ ਹੈ, ਉੱਥੇ ਹੀ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਪ੍ਰਤੀ ਸੁਚੇਤ ਹੋਣ ਦੇ ਯੋਗ ਵੀ ਬਣਦਾ ਹੈ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨਾ ਅਤੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਵਿੱਚ ਚੰਗੇ ਸਾਹਿਤ ਅਤੇ ਗਿਆਨਵਰਧਕ ਪੁਸਤਕਾਂ ਦੀ ਉਪਲਬਧਤਾ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਲਈ ਸਾਰੀਆਂ ਯੋਗ ਸੰਸਥਾਵਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਦੇ ਚਾਹਵਾਨ ਅਦਾਰੇ ਆਪਣੇ ਮੁਖੀ ਦੇ ਦਸਤਖ਼ਤਾਂ ਅਤੇ ਸੰਸਥਾ ਦੀ ਮੋਹਰ ਸਮੇਤ ਅਧਿਕਾਰਤ ਪੱਤਰ-ਮੁਖ ਉੱਤੇ ਆਪਣੀ ਮੰਗ ਤਿਆਰ ਕਰਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ ਦੇ ਸੰਪਰਕ ਨੰਬਰ 9464061573 ਜਾਂ ਦਫ਼ਤਰ ਦੀ ਅਧਿਕਾਰਤ ਈ-ਮੇਲ ਰਾਹੀਂ ਭੇਜ ਸਕਦੇ ਹਨ।
ਪ੍ਰਾਪਤ ਹੋਣ ਵਾਲੀਆਂ ਮੰਗਾਂ ਨੂੰ ਨਿਯਮਾਂ ਅਨੁਸਾਰ ਪ੍ਰਵਾਨਗੀ ਲਈ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ, ਪਟਿਆਲਾ ਦੀ ਲੇਖਾ ਸ਼ਾਖਾ ਕੋਲ ਭੇਜਿਆ ਜਾਵੇਗਾ ਅਤੇ ਪ੍ਰਵਾਨਗੀ ਉਪਰੰਤ ਪੁਸਤਕਾਂ ਮੁਹੱਈਆ ਕਰਵਾਉਣ ਦੀ ਕਾਰਵਾਈ ਕੀਤੀ ਜਾਵੇਗੀ।
ਤੇਜਿੰਦਰ ਸਿੰਘ ਗਿੱਲ ਨੇ ਸਮੂਹ ਸਕੂਲ ਮੁਖੀਆਂ, ਕਾਲਜ ਪ੍ਰਬੰਧਕਾਂ ਅਤੇ ਲਾਇਬ੍ਰੇਰੀ ਦੇ ਸੰਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਉਠਾਉਂਦਿਆਂ ਆਪਣੇ ਅਦਾਰਿਆਂ ਵਿੱਚ ਪੁਸਤਕਾਂ ਦੀ ਉਪਲਬਧਤਾ ਵਧਾਉਣ ਅਤੇ ਵਿਦਿਆਰਥੀਆਂ ਸਮੇਤ ਆਮ ਲੋਕਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਪੁਸਤਕਾਂ ਗਿਆਨ ਦਾ ਅਨਮੋਲ ਖ਼ਜ਼ਾਨਾ ਹਨ ਅਤੇ ਇਨ੍ਹਾਂ ਰਾਹੀਂ ਹੀ ਇੱਕ ਜਾਗਰੂਕ, ਸੂਝਵਾਨ ਅਤੇ ਸਾਹਿਤ ਨਾਲ ਜੁੜੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।