Make sure to get your children’s routine vaccinations done every Wednesday – Civil Surgeon
ਹਰ ਬੁੱਧਵਾਰ ਆਪਣੇ ਬੱਚਿਆਂ ਦਾ ਰੂਟੀਨ ਟੀਕਾਕਰਣ ਜ਼ਰੂਰ ਕਰਵਾਓ – ਸਿਵਲ ਸਰਜਨ
ਰੂਪਨਗਰ, 23 ਸਤੰਬਰ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਸੰਸਥਾਨਾਂ, ਸਿਹਤ ਉਪ-ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ ਵਿਖੇ ਹਰ ਹਫ਼ਤੇ ਬੁੱਧਵਾਰ ਨੂੰ ਰੂਟੀਨ ਟੀਕਾਕਰਣ ਸੈਸ਼ਨ ਲਗਾਏ ਜਾਂਦੇ ਹਨ। ਇਨ੍ਹਾਂ ਸੈਸ਼ਨਾਂ ਦੌਰਾਨ ਗਰਭਵਤੀ ਮਹਿਲਾਵਾਂ ਅਤੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਤਹਿਤ ਮੁਫ਼ਤ ਟੀਕੇ ਲਗਾਏ ਜਾਂਦੇ ਹਨ।
ਰੂਟੀਨ ਟੀਕਾਕਰਣ ਸਬੰਧੀ ਅੱਜ ਲਗਾਏ ਗਏ ਵੱਖ-ਵੱਖ ਸੈਸ਼ਨਾਂ ਦਾ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸਾਰਿਕਾ ਵੱਲੋਂ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਸਬੰਧਤ ਸਿਹਤ ਕਰਮਚਾਰੀਆਂ ਨੂੰ ਟੀਕਾਕਰਣ ਦੇ 100 ਫ਼ੀਸਦੀ ਟੀਚੇ ਦੀ ਪ੍ਰਾਪਤੀ ਯਕੀਨੀ ਬਣਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।
ਇਸ ਸਬੰਧੀ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਸਮੇਂ ਸਿਰ ਮੁਕੰਮਲ ਟੀਕਾਕਰਣ ਬੱਚਿਆਂ ਨੂੰ ਤਪਦਿਕ, ਪੋਲੀਓ, ਗਲਘੋਟੂ, ਕਾਲੀ ਖੰਘ, ਟੈਟਨਸ, ਹੈਪੇਟਾਈਟਸ-ਬੀ, ਖਸਰਾ-ਰੁਬੈਲਾ, ਨਿਮੋਨੀਆ, ਦਸਤ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸਮੇਂ ਸਿਰ ਅਤੇ ਮੁਕੰਮਲ ਟੀਕਾਕਰਣ ਕਰਵਾਉਣਾ ਹਰ ਮਾਪੇ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਸਾਰੇ ਨਿਰਧਾਰਿਤ ਟੀਕੇ ਬਿਲਕੁਲ ਮੁਫ਼ਤ ਲਗਾਏ ਜਾਂਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਣ ਕਾਰਡ ਨਾਲ ਲੈ ਕੇ ਹਰ ਬੁੱਧਵਾਰ ਨੇੜਲੇ ਟੀਕਾਕਰਣ ਕੇਂਦਰ ਵਿਖੇ ਪਹੁੰਚਣ ਅਤੇ ਕੋਈ ਵੀ ਟੀਕਾ ਨਾ ਛੱਡਣ। ਜੇਕਰ ਕਿਸੇ ਬੱਚੇ ਦਾ ਕੋਈ ਟੀਕਾ ਰਹਿ ਗਿਆ ਹੋਵੇ ਤਾਂ ਅਗਲੇ ਬੁੱਧਵਾਰ ਨੂੰ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਉਹ ਟੀਕਾ ਲਗਵਾਇਆ ਜਾ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਟੀਕਾਕਰਣ ਤੋਂ ਬਾਅਦ ਬੱਚੇ ਨੂੰ ਕੁਝ ਸਮੇਂ ਲਈ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਹਰ ਬੁੱਧਵਾਰ ਹੋਣ ਵਾਲੇ ਰੂਟੀਨ ਟੀਕਾਕਰਣ ਸੈਸ਼ਨਾਂ ਦਾ ਲਾਭ ਲੈਣ ਅਤੇ ਆਪਣੇ ਬੱਚਿਆਂ ਨੂੰ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਸਾਰੇ ਟੀਕੇ ਨਿਰਧਾਰਿਤ ਸਮੇਂ ਅਨੁਸਾਰ ਜ਼ਰੂਰ ਲਗਵਾਉਣ।