Two-day training for Phase-2 of Census-2027 conducted.
ਜਨਗਣਨਾ-2027 ਸਬੰਧੀ ਫੇਜ਼-2 ਦੀ ਦੋ ਰੋਜ਼ਾ ਸਿਖਲਾਈ ਕਰਵਾਈ
ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਨਗਣਨਾ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਿੱਤੀ ਸਿਖਲਾਈ
ਰੂਪਨਗਰ, 18 ਸਤੰਬਰ: ਜਨਗਣਨਾ-2027 ਦੇ ਕਾਰਜ ਨੂੰ ਸੁਚਾਰੂ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਵਿੱਚ 17 ਅਤੇ 18 ਸਤੰਬਰ 2026 ਨੂੰ ਦੋ ਰੋਜ਼ਾ ਫੇਜ਼-2 ਸਿਖਲਾਈ ਕਰਵਾਈ ਗਈ। ਇਹ ਸਿਖਲਾਈ ਡਾਇਰੈਕਟਰ ਜਨਗਣਨਾ ਕਾਰਜ, ਪੰਜਾਬ ਵੱਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ਼੍ਰੀ ਸੱਤਿਆ ਨਰਾਇਣ, ਸੀਨੀਅਰ ਖੋਜ ਅਧਿਕਾਰੀ ਸ਼੍ਰੀ ਰਾਧੇ ਰਮਨ ਅਤੇ ਮਾਸਟਰ ਟ੍ਰੇਨਰ ਸ. ਸਤਨਾਮ ਸਿੰਘ ਵੱਲੋਂ ਦਿੱਤੀ ਗਈ।
ਇਸ ਸਿਖਲਾਈ ਵਿੱਚ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ.), ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਜਨਗਣਨਾ ਅਧਿਕਾਰੀ ਸ਼੍ਰੀ ਅਰੁਣ ਕੁਮਾਰ, ਸਮੂਹ ਤਹਿਸੀਲਦਾਰ-ਕਮ-ਜਨਗਣਨਾ ਚਾਰਜ ਅਫਸਰ, ਕਾਰਜ ਸਾਧਕ ਅਫਸਰ-ਕਮ-ਜਨਗਣਨਾ ਚਾਰਜ ਅਫਸਰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਜਨਗਣਨਾ-2027 ਦੇ ਕਾਰਜ ਲਈ ਨਿਯੁਕਤ ਤਕਨੀਕੀ ਸਹਾਇਕਾਂ ਅਤੇ ਜਨਗਣਨਾ ਕਲਰਕਾਂ ਨੇ ਭਾਗ ਲਿਆ।
ਸਿਖਲਾਈ ਦੌਰਾਨ ਜਨਗਣਨਾ-2027 ਦੇ ਫੇਜ਼-2 ਨਾਲ ਸਬੰਧਤ ਵੱਖ-ਵੱਖ ਕਾਰਜਾਂ, ਪ੍ਰਕਿਰਿਆਵਾਂ ਅਤੇ ਤਕਨੀਕੀ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਨਗਣਨਾ ਦੇ ਕਾਰਜ ਨੂੰ ਨਿਰਧਾਰਤ ਹਦਾਇਤਾਂ ਅਤੇ ਮਾਪਦੰਡਾਂ ਅਨੁਸਾਰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।
ਸਿਖਲਾਈ ਦੀ ਪ੍ਰਧਾਨਗੀ ਪ੍ਰਿੰਸੀਪਲ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਡਾ. ਅਕਸ਼ਿਤਾ ਗੁਪਤਾ ਵੱਲੋਂ ਕੀਤੀ ਗਈ। ਉਨ੍ਹਾਂ ਵੱਲੋਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਨਗਣਨਾ-2027 ਦੇ ਮਹੱਤਵਪੂਰਨ ਕਾਰਜ ਨੂੰ ਪੂਰੀ ਜ਼ਿੰਮੇਵਾਰੀ, ਤਾਲਮੇਲ ਅਤੇ ਗੰਭੀਰਤਾ ਨਾਲ ਨੇਪਰੇ ਚਾੜ੍ਹਨ ਲਈ ਨਿਰਦੇਸ਼ ਦਿੱਤੇ ਗਏ।