Close

Rupnagar district fully prepared for ‘Sports Homeland Punjab-2026’ – Deputy Commissioner

Publish Date : 08/09/2026
Rupnagar district fully prepared for ‘Sports Homeland Punjab-2026’ - Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

‘ਖੇਡਾਂ ਵਤਨ ਪੰਜਾਬ ਦੀਆਂ-2026’ ਲਈ ਰੂਪਨਗਰ ਜ਼ਿਲ੍ਹਾ ਪੂਰੀ ਤਰ੍ਹਾਂ ਤਿਆਰ – ਡਿਪਟੀ ਕਮਿਸ਼ਨਰ

ਅੱਜ 9 ਤੋਂ 14 ਸਤੰਬਰ ਤੱਕ ਹੋਣਗੇ ਬਲਾਕ ਪੱਧਰੀ ਖੇਡ ਮੁਕਾਬਲੇ

ਜ਼ਿਲ੍ਹਾ ਵਾਸੀਆਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਦੀ ਡਿਪਟੀ ਕਮਿਸ਼ਨਰ ਵੱਲੋਂ ਅਪੀਲ

ਰੂਪਨਗਰ, 8 ਸਤੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਰੂਪਨਗਰ ਵਿੱਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਅੱਜ 9 ਸਤੰਬਰ ਤੋਂ ਹੋ ਰਹੀ ਹੈ। ਇਨ੍ਹਾਂ ਖੇਡਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 14 ਸਤੰਬਰ ਤੱਕ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 9 ਤੋਂ 11 ਸਤੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਰੂਪਨਗਰ ਬਲਾਕਾਂ ਦੇ ਮੁਕਾਬਲੇ ਹੋਣਗੇ, ਜਦਕਿ 12 ਤੋਂ 14 ਸਤੰਬਰ ਤੱਕ ਮੋਰਿੰਡਾ ਅਤੇ ਨੂਰਪੁਰ ਬੇਦੀ ਬਲਾਕਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਬਾਅਦ 21 ਤੋਂ 30 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸਿਰਫ਼ ਖੇਡ ਮੁਕਾਬਲੇ ਨਹੀਂ, ਸਗੋਂ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇਣ, ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਕਰਨ ਦਾ ਮਹੱਤਵਪੂਰਨ ਮੰਚ ਹੈ। ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ-ਸ਼ੈਲੀ ਨਾਲ ਜੋੜਨ ਅਤੇ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਉਨ੍ਹਾਂ ਜ਼ਿਲ੍ਹੇ ਦੇ ਖਿਡਾਰੀਆਂ, ਨੌਜਵਾਨਾਂ, ਕੋਚਾਂ, ਅਧਿਆਪਕਾਂ, ਮਾਪਿਆਂ ਅਤੇ ਸਮੂਹ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਹੋਰਨਾਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨਾਲ ਜ਼ਿਲ੍ਹੇ ਵਿੱਚ ਮਜ਼ਬੂਤ ਖੇਡ ਸੱਭਿਆਚਾਰ ਨੂੰ ਹੋਰ ਹੁਲਾਰਾ ਮਿਲੇਗਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਐਥਲੈਟਿਕਸ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋ-ਖੋ, ਵਾਲੀਬਾਲ, ਫੁੱਟਬਾਲ, ਟੈਨਿਸ ਬਾਲ ਕ੍ਰਿਕਟ, ਬੈਡਮਿੰਟਨ, ਕਿੱਕ ਬਾਕਸਿੰਗ, ਰੋਲਰ ਸਕੇਟਿੰਗ ਅਤੇ ਸ਼ੂਟਿੰਗ ਸਮੇਤ ਵੱਖ-ਵੱਖ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਦੇ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਨੂੰ ਸੁਚੱਜਾ ਅਤੇ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਰੂਪਨਗਰ ਜ਼ਿਲ੍ਹੇ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਹੋਰ ਉੱਚਾ ਚੁੱਕਣ ਦਾ ਸੱਦਾ ਦਿੱਤਾ।