Review of preparations for the second phase of Census-2027 in Rupnagar district
ਜ਼ਿਲ੍ਹਾ ਰੂਪਨਗਰ ਵਿੱਚ ਜਨਗਣਨਾ-2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦਾ ਜਾਇਜ਼ਾ
ਰੂਪਨਗਰ, 2 ਸਤੰਬਰ: ਜ਼ਿਲ੍ਹਾ ਰੂਪਨਗਰ ਵਿੱਚ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਦੀ ਗਿਣਤੀ) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਵਿਖੇ ਡਾਇਰੈਕਟਰ, ਜਨਗਣਨਾ ਸੰਚਾਲਨ, ਪੰਜਾਬ ਡਾ. ਨਵਜੋਤ ਖੋਸਾ, ਆਈ.ਏ.ਐਸ., ਦੀ ਪ੍ਰਧਾਨਗੀ ਹੇਠ ਸਮੀਖਿਆ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਸ੍ਰੀ ਅਦਿੱਤਿਆ ਡੇਚਲਵਾਲ , ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਫ਼ਸਰ, ਰੂਪਨਗਰ, ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ/ਕਾਰਜਕਾਰੀ ਅਫ਼ਸਰ, ਚਾਰਜ ਅਫ਼ਸਰ ਅਤੇ ਜਨਗਣਨਾ ਨਾਲ ਸਬੰਧਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਮੀਟਿੰਗ ਦੀ ਸ਼ੁਰੂਆਤ ਮੌਕੇ ਡਾਇਰੈਕਟਰ, ਜਨਗਣਨਾ ਸੰਚਾਲਨ ਵੱਲੋਂ ਜ਼ਿਲ੍ਹੇ ਵਿੱਚ ਪਹਿਲੇ ਪੜਾਅ ਸਬੰਧੀ ਘਰਾਂ ਦੀ ਸੂਚੀ ਅਤੇ ਰਿਹਾਇਸ਼ੀ ਮਕਾਨਾਂ ਦੀ ਜਨਗਣਨਾ (ਐੱਚ.ਐੱਲ.ਓ.) ਦੀ ਕਾਰਵਾਈ ਸਫ਼ਲਤਾਪੂਰਵਕ ਅਤੇ ਸਮੇਂ ਸਿਰ ਮੁਕੰਮਲ ਕਰਨ ਲਈ ਚਾਰਜ ਅਫ਼ਸਰਾਂ ਅਤੇ ਫੀਲਡ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੀਤੇ ਸਮਰਪਿਤ ਯਤਨਾਂ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ ਗਈ।
ਉਨ੍ਹਾਂ ਨੇ ਅਗਾਊਂ ਯੋਜਨਾਬੰਦੀ ਅਤੇ ਵੱਖ-ਵੱਖ ਵਿਭਾਗਾਂ ਦਰਮਿਆਨ ਸੁਚੱਜੇ ਤਾਲਮੇਲ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਹਦਾਇਤ ਕੀਤੀ ਕਿ ਜਨਗਣਨਾ-2027 ਨਾਲ ਸਬੰਧਤ ਬਕਾਇਆ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕੀਤੀਆਂ ਜਾਣ।
ਡਾਇਰੈਕਟਰ ਵੱਲੋਂ ਪ੍ਰਿੰਸੀਪਲ ਜਨਗਣਨਾ ਅਫ਼ਸਰਾਂ ਅਤੇ ਹੋਰ ਜਨਗਣਨਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਆਬਾਦੀ ਦੀ ਗਿਣਤੀ ਦੇ ਕੰਮ ਨੂੰ ਸੁਚਾਰੂ, ਪ੍ਰਭਾਵਸ਼ਾਲੀ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਸ਼ਾਸਨਿਕ ਅਤੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਏ ਜਾਣ ਅਤੇ ਸਾਰੇ ਅਧਿਕਾਰੀ ਤੇ ਕਰਮਚਾਰੀ ਦੂਜੇ ਪੜਾਅ ਦੀ ਕਾਰਗੁਜਾਰੀ ਲਈ ਪੂਰੀ ਤਰ੍ਹਾਂ ਤਿਆਰ ਰਹਿਣ।
ਡਿਪਟੀ ਕਮਿਸ਼ਨਰ, ਰੂਪਨਗਰ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਗਣਨਾ ਦੇ ਕੰਮ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ, ਭਾਰਤ ਦੇ ਦਫ਼ਤਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਗਣਨਾ ਨਾਲ ਸਬੰਧਤ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣਗੇ।
ਮੀਟਿੰਗ ਦੌਰਾਨ ਜਨਗਣਨਾ-2027 ਦੇ ਦੂਜੇ ਪੜਾਅ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਸਥਾਰਤ ਰੂਪ-ਰੇਖਾ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਜ਼ਿਲ੍ਹਾ ਜਨਗਣਨਾ ਹੈਂਡਬੁੱਕ ਦੀ ਤਿਆਰੀ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਾਇਰੈਕਟਰ ਵੱਲੋਂ ਸਾਰੇ ਚਾਰਜ ਅਫ਼ਸਰਾਂ ਨੂੰ ਪੇਂਡੂ ਡਾਇਰੈਕਟਰੀ ਅਤੇ ਸ਼ਹਿਰੀ ਡਾਇਰੈਕਟਰੀ ਦੇ ਡਾਟਾ ਸਬੰਧੀ ਤਿਆਰੀ ਅਤੇ ਜਾਂਚ-ਪੜਤਾਲ ਦੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਇਸ ਨੂੰ ਹਰ ਪੱਖੋਂ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਕੰਮ ਦੀ ਨਿਰਧਾਰਤ ਆਖਰੀ ਮਿਤੀ 08 ਸਤੰਬਰ, 2026 ਹੈ ਜਿਸ ਤੋਂ ਪਹਿਲਾਂ ਹਰ ਹਾਲਤ ਵਿੱਚ ਇਸ ਕਾਰਜ ਨੂੰ ਮੁਕੰਮਲ ਕੀਤਾ ਜਾਵੇ।