ASI Jasvir Singh, dedicated to social service along with duty, honored during state level function
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਊਟੀ ਦੇ ਨਾਲ ਸਮਾਜ ਸੇਵਾ ਨੂੰ ਸਮਰਪਿਤ ਏਐੱਸਆਈ ਜਸਵੀਰ ਸਿੰਘ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨਿਤ
ਰੂਪਨਗਰ, 15 ਅਗਸਤ: ਪੰਜਾਬ ਪੁਲਿਸ ਵਿੱਚ ਸਹਾਇਕ ਥਾਣੇਦਾਰ (ਏਐੱਸਆਈ) ਵਜੋਂ ਸੇਵਾਵਾਂ ਨਿਭਾਅ ਰਹੇ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਪੀਐੱਸਓ ਸ. ਜਸਵੀਰ ਸਿੰਘ ਨੂੰ ਉਨ੍ਹਾਂ ਦੀ ਮਿਸਾਲੀ ਸਰਕਾਰੀ ਸੇਵਾ, ਇਮਾਨਦਾਰੀ, ਮਿਹਨਤ, ਸਮਰਪਣ ਅਤੇ ਸਮਾਜ ਸੇਵਾ ਪ੍ਰਤੀ ਨਿਭਾਈ ਜਾ ਰਹੀ ਵਿਸ਼ੇਸ਼ ਭੂਮਿਕਾ ਲਈ ਅੱਜ ਆਜ਼ਾਦੀ ਦਿਵਸ ਮੌਕੇ ਫਿਰੋਜ਼ਪੁਰ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਸ. ਜਸਵੀਰ ਸਿੰਘ ਆਪਣੀ ਸਰਕਾਰੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਲਗਾਤਾਰ ਸਰਗਰਮ ਰਹਿੰਦੇ ਹਨ। ਖਾਸ ਤੌਰ ’ਤੇ ਖੂਨਦਾਨ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰਨ ਵਿੱਚ ਉਨ੍ਹਾਂ ਵੱਲੋਂ ਪਾਇਆ ਗਿਆ ਯੋਗਦਾਨ ਪ੍ਰੇਰਣਾਦਾਇਕ ਹੈ। ਉਹ ਹੁਣ ਤੱਕ 84 ਵਾਰ ਖੂਨਦਾਨ ਕਰ ਚੁੱਕੇ ਹਨ। ਉਨ੍ਹਾਂ ਦੀ ਇਸ ਨਿਸ਼ਕਾਮ ਸਮਾਜ ਸੇਵਾ ਨੂੰ ਦੇਖਦਿਆਂ ਸਾਲ 2025 ਵਿੱਚ ਪੰਜਾਬ ਦੇ ਮਾਨਯੋਗ ਰਾਜਪਾਲ ਵੱਲੋਂ ਵੀ ਉਨ੍ਹਾਂ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਸ. ਜਸਵੀਰ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਵੱਖ-ਵੱਖ ਪੱਧਰਾਂ ’ਤੇ ਵੀ ਮਾਨਤਾ ਮਿਲ ਚੁੱਕੀ ਹੈ। ਉਨ੍ਹਾਂ ਨੂੰ ਡੀਆਈਜੀ, ਪੰਜਾਬ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਰੂਪਨਗਰ ਦੇ ਵੱਖ-ਵੱਖ ਸੀਨੀਅਰ ਪੁਲਿਸ ਕਪਤਾਨਾਂ ਵੱਲੋਂ ਉਨ੍ਹਾਂ ਨੂੰ ਸੱਤ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਦਕਿ ਵੱਖ-ਵੱਖ ਡਿਪਟੀ ਕਮਿਸ਼ਨਰਾਂ ਵੱਲੋਂ ਵੀ ਉਨ੍ਹਾਂ ਦੀਆਂ ਸੇਵਾਵਾਂ ਲਈ ਸੱਤ ਪ੍ਰਸ਼ੰਸਾ ਪੱਤਰ ਦਿੱਤੇ ਜਾ ਚੁੱਕੇ ਹਨ।
ਉਨ੍ਹਾਂ ਦੀ ਮਿਸਾਲੀ ਸੇਵਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਦੇਖਦਿਆਂ ਰੋਟਰੀ ਕਲੱਬ ਰੂਪਨਗਰ ਵੱਲੋਂ ਵੀ ਉਨ੍ਹਾਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ। 4 ਮਈ ਨੂੰ ਕਰਵਾਏ ਗਏ ਰੋਟਰੀ ਕਲੱਬ ਦੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਚੰਦਰਜਯੋਤੀ ਸਿੰਘ ਵੱਲੋਂ ਉਨ੍ਹਾਂ ਨੂੰ ਸਨਮਾਨ ਭੇਟ ਕੀਤਾ ਗਿਆ ਸੀ। ਰੋਟਰੀ ਕਲੱਬ ਦੇ ਨੁਮਾਇੰਦਿਆਂ ਵੱਲੋਂ ਉਸ ਮੌਕੇ ਸ. ਜਸਵੀਰ ਸਿੰਘ ਨੂੰ ਮਿਹਨਤੀ, ਇਮਾਨਦਾਰ ਅਤੇ ਸਮਰਪਿਤ ਪੁਲਿਸ ਅਧਿਕਾਰੀ ਦੱਸਦਿਆਂ ਉਨ੍ਹਾਂ ਦੀ ਸਮਾਜ ਸੇਵਾ ਦੀ ਵੀ ਸ਼ਲਾਘਾ ਕੀਤੀ ਗਈ ਸੀ।
ਸ. ਜਸਵੀਰ ਸਿੰਘ ਵੱਲੋਂ ਸਰਕਾਰੀ ਜ਼ਿੰਮੇਵਾਰੀਆਂ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲੇ ਇਹ ਦਰਸਾਉਂਦੇ ਹਨ ਕਿ ਸਰਕਾਰੀ ਸੇਵਾ ਸਿਰਫ਼ ਡਿਊਟੀ ਤੱਕ ਸੀਮਿਤ ਨਹੀਂ, ਸਗੋਂ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਇੱਕ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਖੂਨਦਾਨ ਅਤੇ ਹੋਰ ਸਮਾਜ ਸੇਵਾ ਲੋਕਾਂ, ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੀ ਹੈ।
ਆਜ਼ਾਦੀ ਦਿਵਸ ਦੇ ਰਾਜ ਪੱਧਰੀ ਸਮਾਗਮ ਦੌਰਾਨ ਮਿਲਿਆ ਇਹ ਸਨਮਾਨ ਸ. ਜਸਵੀਰ ਸਿੰਘ ਦੀ ਨਿਰੰਤਰ ਮਿਹਨਤ, ਇਮਾਨਦਾਰੀ, ਫਰਜ਼ ਪ੍ਰਤੀ ਵਚਨਬੱਧਤਾ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਣ ਦਾ ਸਨਮਾਨ ਹੈ।