Training on first aid, cold wave, animal slaughter incidents, drought management and mock drills provided on the sixth day of Youth Disaster Friend training
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰਜ਼ ਰੂਪਨਗਰ
ਯੁਵਾ ਆਪਦਾ ਮਿੱਤਰ ਟ੍ਰੇਨਿੰਗ ਦੇ ਛੇਵੇਂ ਦਿਨ ਫਸਟ ਏਡ, ਸ਼ੀਤ ਲਹਿਰ, ਪਸ਼ੂ ਕੱਟਣ ਦੀਆਂ ਘਟਨਾਵਾਂ, ਸੋਕਾ ਪ੍ਰਬੰਧਨ ਤੇ ਮੌਕ ਡ੍ਰਿੱਲ ਬਾਰੇ ਦਿੱਤੀ ਸਿਖਲਾਈ
ਰੂਪਨਗਰ, 26 ਜੂਨ: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਐਮਜੀਸਿਪਾ) ਚੰਡੀਗੜ੍ਹ ਵੱਲੋਂ ਯੁਵਾ ਆਪਦਾ ਮਿੱਤਰ ਯੋਜਨਾ ਤਹਿਤ ਕਰਵਾਏ ਜਾ ਰਹੇ ਸੱਤ ਰੋਜ਼ਾ ਆਫ਼ਤ ਪ੍ਰਬੰਧਨ ਟ੍ਰੇਨਿੰਗ ਕੈਂਪ ਦੇ ਛੇਵੇਂ ਦਿਨ 100 ਐਨਸੀਸੀ ਕੈਡਟਾਂ ਨੇ ਉਤਸ਼ਾਹ ਨਾਲ ਭਾਗ ਲਿਆ। ਦਿਨ ਭਰ ਚੱਲੇ ਵੱਖ-ਵੱਖ ਸਿਖਲਾਈ ਸੈਸ਼ਨਾਂ ਦੌਰਾਨ ਕੈਡਟਾਂ ਨੂੰ ਆਫ਼ਤ ਪ੍ਰਬੰਧਨ, ਐਮਰਜੈਂਸੀ ਪ੍ਰਤੀਕਿਰਿਆ, ਸਿਹਤ ਸੁਰੱਖਿਆ ਅਤੇ ਭਾਈਚਾਰਕ ਤਿਆਰੀ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ।
ਦਿਨ ਦੀ ਸ਼ੁਰੂਆਤ ਰੀਕੈਪ ਸੈਸ਼ਨ ਨਾਲ ਹੋਈ, ਜਿਸ ਵਿੱਚ ਪਿਛਲੇ ਦਿਨਾਂ ਦੌਰਾਨ ਕਰਵਾਏ ਗਏ ਸੈਸ਼ਨਾਂ ਦੀ ਸੰਖੇਪ ਦੁਹਰਾਈ ਕੀਤੀ ਗਈ। ਇਸ ਇੰਟਰਐਕਟਿਵ ਸੈਸ਼ਨ ਨੇ ਕੈਡਟਾਂ ਦੀ ਸਮਝ ਨੂੰ ਹੋਰ ਮਜ਼ਬੂਤ ਬਣਾਇਆ।
ਦਿਨ ਦਾ ਪਹਿਲਾ ਤਕਨੀਕੀ ਸੈਸ਼ਨ ਫਸਟ ਏਡ ਅਤੇ ਐਮਰਜੈਂਸੀ ਦੇਖਭਾਲ ਵਿਸ਼ੇ ਉੱਤੇ ਸ਼੍ਰੀ ਯੋਗੇਸ਼ ਵੱਲੋਂ ਲਿਆ ਗਿਆ। ਉਨ੍ਹਾਂ ਨੇ ਹਾਦਸਿਆਂ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਤੁਰੰਤ ਸਹਾਇਤਾ ਦੇ ਮਹੱਤਵ, ਜ਼ਖ਼ਮੀਆਂ ਦੀ ਮੁੱਢਲੀ ਜਾਂਚ, ਆਮ ਸੱਟਾਂ ਦੇ ਪ੍ਰਬੰਧਨ ਅਤੇ ਜੀਵਨ ਬਚਾਉਣ ਵਾਲੀਆਂ ਪਹਿਲੀ ਸਹਾਇਤਾ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਉਪਰੰਤ ਸੁਸ਼ਰੀ ਏਤਿਸ਼ਾ ਪਰਮਾਰ ਨੇ ਸ਼ੀਤ ਲਹਿਰ ਸਬੰਧੀ ਜਾਗਰੂਕਤਾ ਅਤੇ ਬਚਾਅ ਉਪਾਵਾਂ ਬਾਰੇ ਸੈਸ਼ਨ ਲਿਆ। ਉਨ੍ਹਾਂ ਨੇ ਸ਼ੀਤ ਲਹਿਰ ਦੇ ਕਾਰਨਾਂ, ਇਸ ਦੇ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ, ਵਧੇਰੇ ਜੋਖ਼ਮ ਵਾਲੇ ਵਰਗਾਂ ਅਤੇ ਇਸ ਤੋਂ ਬਚਾਅ ਦੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਤੋਂ ਬਾਅਦ ਸ਼੍ਰੀ ਸਚਿਨ ਨੇ ਪਸ਼ੂ ਕੱਟਣ ਦੀਆਂ ਘਟਨਾਵਾਂ ਦੇ ਪ੍ਰਬੰਧਨ ਬਾਰੇ ਸੈਸ਼ਨ ਦੌਰਾਨ ਵੱਖ-ਵੱਖ ਕਿਸਮ ਦੇ ਪਸ਼ੂਆਂ ਦੇ ਕੱਟਣ ਨਾਲ ਪੈਦਾ ਹੋਣ ਵਾਲੇ ਖਤਰਿਆਂ, ਮੁੱਢਲੀ ਸਹਾਇਤਾ ਅਤੇ ਸਮੇਂ ਸਿਰ ਡਾਕਟਰੀ ਇਲਾਜ ਕਰਵਾਉਣ ਦੀ ਲੋੜ ਬਾਰੇ ਕੈਡਟਾਂ ਨੂੰ ਜਾਣੂ ਕਰਵਾਇਆ।
ਅਗਲੇ ਸੈਸ਼ਨ ਵਿੱਚ ਸ਼੍ਰੀ ਜੌਨਸਨ ਨੇ ਸੋਕਾ ਪ੍ਰਬੰਧਨ ਅਤੇ ਤਿਆਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੋਕੇ ਦੇ ਕਾਰਨਾਂ, ਪਾਣੀ ਦੀ ਕਮੀ, ਖੇਤੀਬਾੜੀ ਅਤੇ ਜੀਵਨ-ਜੀਵਿਕਾ ਉੱਤੇ ਇਸ ਦੇ ਪ੍ਰਭਾਵਾਂ ਦੇ ਨਾਲ-ਨਾਲ ਪਾਣੀ ਦੀ ਸੰਭਾਲ ਅਤੇ ਰੋਕਥਾਮੀ ਉਪਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਦਿਨ ਦੀ ਸਭ ਤੋਂ ਮਹੱਤਵਪੂਰਨ ਗਤੀਵਿਧੀ ਵਜੋਂ ਸ਼ਾਮ ਵੇਲੇ ਵਿਆਪਕ ਮੌਕ ਡਿਜ਼ਾਸਟਰ ਰਿਸਪਾਂਸ ਡ੍ਰਿੱਲ ਕਰਵਾਈ ਗਈ, ਜਿਸ ਦਾ ਸੰਚਾਲਨ ਕੋਰਸ ਕੋਆਰਡੀਨੇਟਰ ਸ਼੍ਰੀ ਅੰਕੁਰ ਅਤੇ ਐਮਜੀਸਿਪਾ ਦੀ ਡਿਜ਼ਾਸਟਰ ਮੈਨੇਜਮੈਂਟ ਟੀਮ ਵੱਲੋਂ ਕੀਤਾ ਗਿਆ। ਇਸ ਅਭਿਆਸ ਵਿੱਚ ਸਾਰੇ 100 ਐਨਸੀਸੀ ਕੈਡਟਾਂ ਨੇ ਸਰਗਰਮ ਭਾਗ ਲਿਆ।
ਮੌਕ ਡ੍ਰਿੱਲ ਦੌਰਾਨ ਆਫ਼ਤ ਦੀ ਇੱਕ ਕਲਪਨਾਤਮਕ ਸਥਿਤੀ ਤਿਆਰ ਕਰਕੇ ਕੈਡਟਾਂ ਨੂੰ ਐਮਰਜੈਂਸੀ ਪ੍ਰਤੀਕਿਰਿਆ, ਸੰਚਾਰ, ਸੁਰੱਖਿਅਤ ਨਿਕਾਸੀ, ਜ਼ਖ਼ਮੀਆਂ ਦੀ ਸਹਾਇਤਾ, ਪਹਿਲੀ ਸਹਾਇਤਾ ਅਤੇ ਟੀਮ ਵਰਕ ਦਾ ਵਿਹਾਰਕ ਅਨੁਭਵ ਕਰਵਾਇਆ ਗਿਆ। ਇਸ ਅਭਿਆਸ ਨੇ ਕੈਡਟਾਂ ਨੂੰ ਅਸਲ ਆਫ਼ਤਕਾਲੀਨ ਸਥਿਤੀਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਆਯੋਜਕਾਂ ਨੇ ਕੈਡਟਾਂ ਦੇ ਉਤਸ਼ਾਹ, ਅਨੁਸ਼ਾਸਨ ਅਤੇ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੁਵਾ ਆਪਦਾ ਮਿੱਤਰ ਯੋਜਨਾ ਦਾ ਮੁੱਖ ਉਦੇਸ਼ ਅਜਿਹੇ ਪ੍ਰਸ਼ਿਕਸ਼ਿਤ ਨੌਜਵਾਨ ਵਲੰਟੀਅਰ ਤਿਆਰ ਕਰਨਾ ਹੈ, ਜੋ ਆਫ਼ਤਾਂ, ਐਮਰਜੈਂਸੀ ਹਾਲਾਤਾਂ ਅਤੇ ਮਨੁੱਖੀ ਸੰਕਟ ਦੇ ਸਮੇਂ ਸਮਾਜ ਅਤੇ ਪ੍ਰਸ਼ਾਸਨ ਦੀ ਪ੍ਰਭਾਵਸ਼ਾਲੀ ਸਹਾਇਤਾ ਕਰ ਸਕਣ।
ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਕੈਂਪ ਹੁਣ ਆਪਣੇ ਅੰਤਿਮ ਪੜਾਅ ਵਿੱਚ ਦਾਖ਼ਲ ਹੋ ਚੁੱਕਾ ਹੈ ਅਤੇ ਕੈਡਟ ਲਗਾਤਾਰ ਮਹੱਤਵਪੂਰਨ ਸਿਧਾਂਤਕ ਗਿਆਨ ਦੇ ਨਾਲ-ਨਾਲ ਵਿਹਾਰਕ ਤਜਰਬਾ ਵੀ ਹਾਸਲ ਕਰ ਰਹੇ ਹਨ, ਜੋ ਉਨ੍ਹਾਂ ਨੂੰ ਭਵਿੱਖ ਵਿੱਚ ਸਮਰੱਥ ਯੁਵਾ ਆਪਦਾ ਮਿੱਤਰ ਅਤੇ ਪਹਿਲੇ ਪ੍ਰਤੀਕਿਰਿਆਕਰਤਾ ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਸਮਰੱਥ ਬਣਾਏਗਾ।