District level meeting held regarding preparations for Census-2027
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜਨਗਣਨਾ-2027 ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਨਗਣਨਾ ਸਬੰਧੀ ਪ੍ਰਕਿਰਿਆ ਨੂੰ ਡਿਜੀਟਲ ਮੋਡ ਰਾਹੀਂ ਨਿਰਧਾਰਿਤ ਸਮੇਂ ਅੰਦਰ ਨੇਪਰੇ ਚਾੜ੍ਹਨ ਦੇ ਨਿਰਦੇਸ਼
30 ਅਪ੍ਰੈਲ ਤੋਂ 14 ਮਈ ਤੱਕ ਖੁੱਲ੍ਹੇਗਾ ਸਵੈ-ਗਣਨਾ ਪੋਰਟਲ, ਲੋਕ ਆਨਲਾਈਨ ਦਰਜ ਕਰ ਸਕਣਗੇ ਆਪਣੇ ਵੇਰਵੇ
ਰੂਪਨਗਰ, 27 ਅਪ੍ਰੈਲ: ਜਨਗਣਨਾ-2027 ਦੀਆਂ ਤਿਆਰੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਅਫ਼ਸਰਾਂ ਨੂੰ ਜਨਗਣਨਾ ਪ੍ਰਕਿਰਿਆ ਦੇ ਪ੍ਰਸ਼ਾਸਨਿਕ ਪਹਿਲੂਆਂ ਅਤੇ ਤਕਨੀਕੀ ਬਾਰੀਕੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਜਨਗਣਨਾ ਦੀ ਪੂਰੀ ਕਾਰਵਾਈ ਹਾਈ-ਟੈਕ ਤਰੀਕੇ ਨਾਲ ‘ਡਿਜੀਟਲ ਮੋਡ’ ਰਾਹੀਂ ਪੂਰੀ ਕੀਤੀ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ ਕਿ ਆਮ ਲੋਕਾਂ ਦੀ ਸਹੂਲਤ ਲਈ ‘ਸਵੈ-ਗਣਨਾ’ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ https://se.census.gov.in/ ਪੋਰਟਲ, 30 ਅਪ੍ਰੈਲ ਤੋਂ 14 ਮਈ 2026 ਤੱਕ ਖੁੱਲ੍ਹੇਗਾ, ਜਿਸ ਰਾਹੀਂ ਕੋਈ ਵੀ ਵਿਅਕਤੀ ਘਰ ਬੈਠੇ ਹੀ ਆਪਣੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਦਰਜ ਕਰ ਸਕੇਗਾ।
ਉਨ੍ਹਾਂ ਦੱਸਿਆ ਕਿ 11 ਅੰਕਾਂ ਦਾ ਐੱਸ ਈ ਆਈ ਡੀ (ਸੈਲਫ ਐਨਿਊਐਮਰੇਸ਼ਨ) ਜਨਰੇਟ ਹੋਵੇਗਾ। ਜਿਸ ਨੂੰ ਸੰਭਾਲ ਕੇ ਰੱਖਿਆ ਜਾਵੇ ਜਦੋਂ ਗਿਣਤੀਕਾਰ ਤੁਹਾਡੇ ਘਰ ਆਏ ਤਾਂ ਉਹ ਤੁਹਾਡੇ ਦੁਆਰਾ ਦਿੱਤੇ ਗਏ ਵੇਰਵਿਆਂ ਦੀ ਪੁਸ਼ਟੀ ਕਰ ਸਕੇ।
ਇਸ ਤੋਂ ਬਾਅਦ ਗਿਣਤੀਕਾਰਾਂ ਵੱਲੋ 15 ਮਈ ਤੋਂ 13 ਜੂਨ ਤੱਕ ਫੀਲਡ ਸਰਵੇ ਸ਼ੁਰੂ ਕੀਤਾ ਜਾਵੇਗਾ।
ਜਨਗਣਨਾ ਲਈ ਤਾਇਨਾਤ ਅਮਲੇ ਲਈ ਸਿਖਲਾਈ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਫੀਲਡ ਟ੍ਰੇਨਰਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਹ ਸਿਖਿਆਰਥੀ ਹੀ ਫੀਲਡ ਵਿੱਚ ਜਾ ਕੇ ਘਰ-ਘਰ ਜਨਗਣਨਾ ਸਬੰਧੀ ਮੋਬਾਈਲ ਐਪ ਵਿੱਚ ਡਾਟਾ ਇੰਦਰਾਜ ਕਰਨਗੇ।
ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਸ਼ਟਰੀ ਮਹੱਤਵ ਦੇ ਕਾਰਜ ਨੂੰ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇ ਤਾਂ ਜੋ ਜਨਗਣਨਾ ਦੇ ਅੰਕੜੇ ਸਹੀ ਅਤੇ ਸਪੱਸ਼ਟ ਪ੍ਰਾਪਤ ਕੀਤੇ ਜਾ ਸਕਣ।
ਇਸ ਮੌਕੇ ਡਿਪਟੀ ਡਾਇਰੈਕਟਰ ਜਨਗਣਨਾ ਵਿਭਾਗ ਚੰਡੀਗੜ੍ਹ ਰੂਚੀ ਗੁਪਤਾ, ਜ਼ਿਲ੍ਹਾ ਅੰਕੜਾ ਅਫ਼ਸਰ ਹਰਮੇਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।