100 Days TB Campaign aims to strengthen screening, awareness and treatment services in the district – Civil Surgeon Dr. Raman Gupta
100 ਦਿਨਾਂ ਟੀ.ਬੀ. ਮੁਹਿੰਮ ਦਾ ਉਦੇਸ਼ ਜ਼ਿਲ੍ਹੇ ‘ਚ ਸਕ੍ਰੀਨਿੰਗ, ਜਾਗਰੂਕਤਾ ਅਤੇ ਇਲਾਜ ਸੇਵਾਵਾਂ ਨੂੰ ਮਜ਼ਬੂਤ ਕਰਨਾ – ਸਿਵਲ ਸਰਜਨ ਡਾ. ਰਮਨ ਗੁਪਤਾ
ਸਿਹਤ ਵਿਭਾਗ ਰੋਪੜ ਵੱਲੋਂ ਹੁਣ ਤੱਕ ਜ਼ਿਲ੍ਹੇ ਵਿੱਚ 34 ਕੈਂਪਾਂ ‘ਚ 2223 ਮਰੀਜਾਂ ਦੀ ਕੀਤੀ ਗਈ ਸਕ੍ਰੀਨਿੰਗ
ਰੂਪਨਗਰ, 27 ਅਪ੍ਰੈਲ: ਟੀ.ਬੀ. ਮੁਕਤ ਭਾਰਤ ਮੁਹਿੰਮ ਦੇ ਤਹਿਤ ਪੰਜਾਬ ਰਾਜ ਨੂੰ ਟੀ.ਬੀ. ਮੁਕਤ ਬਣਾਉਣ ਲਈ ਸਿਹਤ ਵਿਭਾਗ ਰੂਪਨਗਰ ਵੱਲੋਂ 100 ਦਿਨਾਂ ਦੀ ਐਕਟਿਵ ਕੇਸ ਫਾਈਡਿੰਗ (ਏਸੀਐੱਫ) ਮੁਹਿੰਮ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਚਲਾਈ ਜਾ ਰਹੀ ਹੈ। ਇਹ ਮੁਹਿੰਮ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਮਾਰਗਦਰਸ਼ਨ ਹੇਠ 24 ਮਾਰਚ 2026 ਤੋਂ ਸ਼ੁਰੂ ਕੀਤੀ ਗਈ ਹੈ।
ਸਿਵਲ ਸਰਜਨ ਰੂਪਨਗਰ ਡਾ. ਰਮਨ ਕੁਮਾਰ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਟੀ.ਬੀ. ਦੀ ਸਮੇਂ ਸਿਰ ਪਛਾਣ, ਜਾਗਰੂਕਤਾ ਅਤੇ ਇਲਾਜ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਾ ਹੈ ਤਾਂ ਜੋ ਮਰੀਜ਼ਾਂ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 34 ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਲਗਭਗ 2223 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ। ਇਹ ਮੁਹਿੰਮ ਜ਼ਿਲ੍ਹਾ ਟੀ.ਬੀ. ਅਫਸਰ ਡਾ. ਰਹੂਪ੍ਰੀਤ ਕੌਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਦੌਰਾਨ ਪੋਰਟੇਬਲ ਮਸ਼ੀਨਾਂ ਦੀ ਮਦਦ ਨਾਲ ਮੌਕੇ ‘ਤੇ ਹੀ ਮਰੀਜ਼ਾਂ ਦੇ ਚੈਸਟ ਐਕਸ-ਰੇ ਕਰਕੇ ਤੁਰੰਤ ਸਕ੍ਰੀਨਿੰਗ ਕੀਤੀ ਜਾਂਦੀ ਹੈ, ਜਿਸ ਨਾਲ ਸ਼ੱਕੀ ਮਾਮਲਿਆਂ ਦੀ ਫੌਰੀ ਪਛਾਣ ਸੰਭਵ ਬਣਦੀ ਹੈ।
ਸਿਵਲ ਸਰਜਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ, ਸਮੇਂ ਸਿਰ ਆਪਣੀ ਸਕ੍ਰੀਨਿੰਗ ਕਰਵਾਉਣ ਅਤੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।