Seminar held at Government College Ropar on the role of literature in the 21st century
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
21ਵੀਂ ਸਦੀ ਵਿੱਚ ਸਾਹਿਤ ਦੀ ਭੂਮਿਕਾ ਬਾਰੇ ਸਰਕਾਰੀ ਕਾਲਜ ਰੋਪੜ ਵਿਖੇ ਹੋਇਆ ਸੈਮੀਨਾਰ
ਰੂਪਨਗਰ, 25 ਮਾਰਚ: ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਰਕਾਰੀ ਕਾਲਜ ਰੋਪੜ ਵਿਖੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਨੇ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਵਿਦਿਆਰਥੀਆਂ ਲਈ 21ਵੀਂ ਸਦੀ ਵਿੱਚ ਸਾਹਿਤ ਦੀ ਭੂਮਿਕਾ ਅਤੇ ਕਲਚਰਲ ਸਟੱਡੀਜ ਵਿਸ਼ੇ ਉੱਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ।
ਸੈਮੀਨਾਰ ਦੇ ਮੁੱਖ ਵਕਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਗਰੇਜ਼ੀ ਵਿਸ਼ੇ ਦੇ ਪ੍ਰੋਫੈਸਰ ਡਾ. ਰਾਜੇਸ਼ ਕੁਮਾਰ ਜੈਸਵਾਲ ਸਨ। ਮਹਿਮਾਨ ਵਜੋਂ ਪੰਜਾਬ ਯੂਨੀਵਰਸਿਟੀ ਦੇ ਦੋ ਰਿਸਰਚ ਸਕਾਲਰਾਂ ਡਾ. ਰਾਹੁਲ ਜੈਨ ਅਤੇ ਦਿਪਤਾਂਸ਼ ਰਾਵਤ ਨੇ ਵੀ ਸ਼ਿਰਕਤ ਕੀਤੀ।
ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਮੁੱਖ ਵਕਤਾ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਾਹਿਤ ਨੂੰ ਥਾਂ ਦੇਣ ਦੀ ਅਪੀਲ ਕੀਤੀ। ਪ੍ਰੋ. ਨੇਹਾ ਸੇਤੀਆ ਅਤੇ ਪ੍ਰੋ. ਸ਼ੁਭਪ੍ਰੀਤ ਸੰਧੂ ਨੇ ਸੈਮੀਨਾਰ ਦੀ ਰੂਪ ਰੇਖਾ ਸਾਂਝੀ ਕੀਤੀ ਤੇ ਮੰਚ ਸੰਚਾਲਨ ਕੀਤਾ।
ਮੁੱਖ ਵਕਤਾ ਡਾ. ਜੈਸਵਾਲ ਨੇ ਦੱਸਿਆ ਕਿ ਸਾਹਿਤ ਅਤੇ ਕਲਾਵਾਂ ਮਨੁੱਖ ਦੇ ਅੰਦਰੂਨੀ ਜਗਤ ਦਾ ਪ੍ਰਗਟਾਵਾ ਹਨ। ਵਿਗਿਆਨ ਦੇ ਇਸ ਯੁੱਗ ਵਿੱਚ ਪੈਸੇ ਦੀ ਦੌੜ ਅਤੇ ਬਾਹਰੀ ਸੁੱਖਾਂ ਦੀ ਭਰਮਾਰ ਦੇ ਬਾਵਜੂਦ ਮਨੁੱਖ ਅੰਦਰੋਂ ਇਕੱਲਾ ਅਤੇ ਖਾਲੀ ਮਹਿਸੂਸ ਕਰਦਾ ਹੈ। ਇਸ ਪਦਾਰਥਵਾਦੀ ਸਮੇਂ ਵਿੱਚ ਮਨੁੱਖੀ ਸੱਧਰਾਂ ਨੂੰ ਦਰਕਿਨਾਰ ਕਰਕੇ ਮੁਲਕ ਅਤੇ ਮਨੁੱਖ ਜਦੋਂ ਆਪਣੀ ਤਰੱਕੀ ਕੇਵਲ ਜੀਡੀਪੀ ਨਾਲ ਮਾਪਦੇ ਹਨ ਤਾਂ ਸੰਵੇਦਨਾ ਤੋਂ ਰਹਿਤ ਸੱਭਿਅਤਾ ਦਾ ਜਨਮ ਹੁੰਦਾ ਹੈ। 21ਵੀਂ ਸਦੀ ਦੇ ਵਿਗਿਆਨ ਨੇ ਮਨੁੱਖਾਂ ਨੂੰ ਹੋਰ ਸ਼ਕਤੀਸ਼ਾਲੀ ਬਣਾ ਦਿੱਤਾ ਹੈ, ਜਿਸ ਕਰਕੇ ਸਹੀ ਅਤੇ ਗਲਤ ਦੀ ਜਾਂਚ ਹੋਣਾ ਹੋਰ ਵੀ ਜਰੂਰੀ ਹੋ ਗਿਆ ਹੈ। ਇਹ ਸਮਰੱਥਾ ਸਾਹਿਤ ਰਾਹੀਂ ਪ੍ਰਫੁੱਲਿਤ ਹੁੰਦੀ ਹੈ।
ਸੈਮੀਨਾਰ ਦੇ ਦੂਜੇ ਭਾਗ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਕਲਚਰਲ ਸਟੱਡੀਜ਼ ਨੇ ਸਮਾਜ ਦੇ ਮਧਿਅਮ ਅਤੇ ਨਿਮਨ ਸਮਝੇ ਜਾਣ ਤਬਕੇ ਦੇ ਸੱਭਿਆਚਾਰ ਨੂੰ ਅਕਾਦਮਿਕ ਖਿੱਤੇ ਵਿੱਚ ਵਿਸ਼ੇ ਵਜੋਂ ਥਾਂ ਦਿੱਤੀ।
ਇਸ ਸੈਮੀਨਾਰ ਦੇ ਅੰਤ ਵਿੱਚ ਪ੍ਰੋ. ਨਤਾਸ਼ਾ ਕਾਲੜਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਭਾਗ ਵੱਲੋਂ ਸਨਮਾਨ ਚਿੰਨ੍ਹ ਦਿੱਤੇ ਗਏ। ਪ੍ਰੋ. ਹਰੀਸ਼ ਕੁਮਾਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਨਵਜੋਤ ਕੌਰ ਅਤੇ ਇੰਗਲਿਸ਼ ਲਿਟਰੇਰੀ ਸੋਸਾਇਟੀ ਨੇ ਇਸ ਸੈਮੀਨਾਰ ਨੂੰ ਸਫ਼ਲ ਬਣਾਉਣ ਵਿੱਚ ਮਹੱਤਵਪੂਰਨ ਸਹਿਯੋਗ ਦਿੱਤਾ। ਇਸ ਮੌਕੇ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।