To create awareness among farmers, the Agriculture Department organized a ‘Kisan Goshti’ at village Khuaspura.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਕਿਸਾਨਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਖੁਆਸਪੁਰਾ ਵਿਖੇ ਕਰਵਾਈ ਗਈ ‘ਕਿਸਾਨ ਗੋਸ਼ਟੀ’
ਖੇਤੀਬਾੜੀ ਵਿਭਾਗ ਤੇ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤੇ ਸਬਸਿਡੀਆਂ ਦੀ ਦਿੱਤੀ ਜਾਣਕਾਰੀ
ਰੂਪਨਗਰ, 14 ਮਾਰਚ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪਿੰਡ ਖੁਆਸਪੁਰਾ ਵਿਖੇ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਰੂਪਨਗਰ ਡਾ. ਦਵਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਜਲਵਾਯੂ ਪਰਿਵਰਤਨ ਹੋਣ ਨਾਲ ਕਣਕ ਦੇ ਵਿੱਚ ਆਉਣ ਵਾਲੇ ਝਾੜ ਦੀ ਕਮੀ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਅੱਗੇ ਜਾਣਕਾਰੀ ਸਾਂਝੀ ਦੱਸਿਆ ਕਿ ਇਸ ਵੱਧ ਰਹੇ ਤਾਪਮਾਨ ਕਾਰਨ ਕਣਕ ਦੇ ਝਾੜ ਵਿੱਚ ਕਮੀ ਆ ਸਕਦੀ ਹੈ ਜਿਸ ਤੋਂ ਬਚਣ ਲਈ ਖੇਤਾਂ ਦੇ ਵਿੱਚ ਨਮੀ ਰੱਖਣਾ ਜਰੂਰੀ ਹੈ। ਉਨ੍ਹਾਂ ਵੱਲੋਂ ਕਿਸਾਨ ਵੀਰਾਂ ਨੂੰ ਕਣਕ ਵਿੱਚ ਪੋਟਾਸ਼ੀਅਮ ਨਾਈਟਰੇਟ ਜਾਂ ਸੈਲੀਸਿਲਿਕ ਐਸਿਡ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਗਈ।
ਇਸ ਉਪਰੰਤ ਖੇਤੀਬਾੜੀ ਵਿਕਾਸ ਅਫ਼ਸਰ ਰੂਪਨਗਰ ਡਾ. ਬਲਜੀਤ ਸਿੰਘ ਵਲੋਂ ਕਿਸਾਨ ਵੀਰਾਂ ਨੂੰ ਦੱਸਿਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੀਐਮ ਕਿਸਾਨ ਦੀ ਅਗਲੀ ਕਿਸ਼ਤ ਦਾ ਲਾਭ ਲੈਣ ਲਈ ਕਿਸਾਨ ਆਈਡੀ (ਫਾਰਮਰ ਰਜਿਸਟਰੀ) ਬਣਾਉਣੀ ਜ਼ਰੂਰੀ ਹੈ। ਇਸ ਲਈ ਉਨ੍ਹਾਂ ਕਿਸਾਨਾਂ ਵੀਰਾਂ ਨੂੰ ਆਪਣੇ ਨੇੜਲੇ ਸਾਂਝ ਸੇਵਾ ਕੇਂਦਰ ਤੇ ਜਾ ਕੇ ਜਲਦ ਆਪਣੀ ਕਿਸਾਨ ਆਈ ਡੀ ਬਣਵਾਉਣ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਕਿਸਾਨ ਵੀਰਾਂ ਨੂੰ ਆਉਣ ਵਾਲੀ ਮੱਕੀ ਦੇ ਫਸਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਕਿਸਾਨ ਝੋਨੇ ਦੀ ਜਗ੍ਹਾ ਤੇ ਮੱਕੀ ਲਾਉਣਗੇ ਉਨ੍ਹਾਂ ਕਿਸਾਨ ਵੀਰਾਂ ਨੂੰ ਲਗਭਗ 17500/- ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਕਣਕ ਦੀ ਫ਼ਸਲ ਤੋਂ ਬਾਅਦ ਮੂੰਗੀ ਦੀ ਕਾਸ਼ਤ ਲਈ ਖੇਤੀਬਾੜੀ ਵਿਭਾਗ ਕੋਲ ਸਬਸਿਡੀ ਤੇ ਮੂੰਗੀ ਦਾ ਬੀਜ ਆ ਚੁੱਕਾ ਹੈ ਅਤੇ ਕਿਸਾਨ ਵਿਭਾਗ ਨਾਲ ਤਾਲਮੇਲ ਕਰਕੇ ਇਹ ਬੀਜ ਪ੍ਰਾਪਤ ਕਰ ਸਕਦੇ ਹਨ।
ਇਸ ਉਪਰੰਤ ਬਾਗਬਾਨੀ ਵਿਭਾਗ ਤੋਂ ਬਾਗਬਾਨੀ ਵਿਕਾਸ ਅਫ਼ਸਰ ਰੂਪਨਗਰ ਡਾ. ਚਤਰਜੀਤ ਸਿੰਘ ਰਤਨ ਨੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਬਸਿਡੀ ਸਕੀਮਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਵਲੋਂ ਨਵੇਂ ਬਾਗ਼, ਸਬਜ਼ੀਆਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ, ਖੁੰਭ ਪੈਦਾਵਾਰ ਯੂਨਿਟ, ਮਧੂ ਮੱਖੀਆਂ ਦੇ ਬਕਸੇ, ਗੰਡੋਇਆ ਖਾਦ ਯੂਨਿਟ, ਬਾਗਬਾਨੀ ਲਈ ਛੋਟਾ ਟਰੈਕਟਰ, ਪਾਵਰ ਟਿਲਰ, ਨੈਪ ਸੈਕ ਸਪਰੇਅ ਪੰਪ, ਟਰੈਕਟਰ ਆਪਰੇਟਿਡ ਬੂਮ ਸਪਰੇਅ ਪੰਪ ਆਦਿ ਗਤੀਵਿਧੀਆਂ ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਖੇਤੀ ਵਿੱਚ ਵਧੇਰੇ ਆਮਦਨ ਲੈਣ ਲਈ ਉਨ੍ਹਾਂ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਖੁੰਭਾਂ ਦੀ ਕਾਸ਼ਤ ਅਤੇ ਮਧੂ ਮੱਖੀ ਪਾਲਣ ਜਿਹੇ ਸਹਾਇਕ ਧੰਦੇ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਸਰੀਰਕ ਤੰਦਰੁਸਤੀ ਲਈ ਘਰੇਲੂ ਪੱਧਰ ਤੇ ਹੀ ਜ਼ਹਿਰ ਮੁਕਤ ਫ਼ਲ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਹਰੇਕ ਕਿਸਾਨ ਨੂੰ ਘਰੇਲੂ ਬਗੀਚੀ ਅਪਨਾਉਣ ਦੀ ਅਪੀਲ ਕੀਤੀ।
ਇਸ ਮੌਕੇ ਸਰਪੰਚ ਸਰਬਜੀਤ ਕੌਰ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਆਏ ਹੋਏ ਉੱਚ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ ਤੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨ ਲਈ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਖੇਤੀਬਾੜੀ ਵਿਸਥਾਰ ਅਫ਼ਸਰ ਗੁਰਮੀਤ ਸਿੰਘ, ਏਟੀਐਮ ਗੁਰਪ੍ਰੀਤ ਸਿੰਘ, ਹਰਸਵਰਾਜ ਸਿੰਘ, ਅਕਾਲ ਸਹਾਇ ਯੂਥ ਕਲੱਬ ਦੇ ਪ੍ਰਧਾਨ ਜਗਦੀਪ ਸਿੰਘ, ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ, ਦਿਲਬਾਗ ਸਿੰਘ, ਨੰਬਰਦਾਰ ਗੁਰਇਕਬਾਲ ਸਿੰਘ, ਅੰਗਰੇਜ ਸਿੰਘ, ਗੁਰਜਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।