“Senior Citizens Council Celebrates International Women’s Day”
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
“ਸੀਨੀਅਰ ਸਿਟੀਜਨਜ਼ ਕੌਂਸਲ ਨੇ ਵਿਸ਼ਵ ਮਹਿਲਾ ਦਿਵਸ ਮਨਾਇਆ”
ਰੂਪਨਗਰ, 06 ਮਾਰਚ: ਸੀਨੀਅਰ ਸਿਟੀਜਨਜ਼ ਕੌਂਸਲ (ਰਜਿ.) ਰੂਪਨਗਰ ਵੱਲੋਂ ਆਪਣੀ ਮਹੀਨਾਵਾਰ ਮੀਟਿੰਗ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਰਦੇ ਹੋਏ ਆਯੋਜਤ ਕੀਤੀ ਗਈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾਂ ਦੀ ਤਰ੍ਹਾਂ ਗੁਰੂਬਾਣੀ ਸ਼ਬਦ “ਦੇਹ ਸਿਵਾ ਬਰੁ ਮੋਹਿ ਇਹੈ” ਦੇ ਗਾਇਨ ਨਾਲ ਹੋਈ। ਸ਼ਹਿਰ ਨਾਲ ਸਬੰਧਤ ਵਿਛੜੀਆਂ ਰੂਹਾਂ ਕੌਂਸਲਰ ਪੋਮੀ ਸੋਨੀ, ਸੰਤੋਸ਼ ਕੌਰ ਸਤਿਆਲ ਅਤੇ ਇਸ ਹਫਤੇ ਪੱਛਮੀ ਏਸ਼ੀਆ ਦੇ ਇਸ ਖਿੱਤੇ ਵਿੱਚ ਛਿੜੀ ਜੰਗ ਦੌਰਾਨ ਮਾਰੇ ਗਏ ਸਕੂਲੀ ਬੱਚਿਆਂ, ਫ਼ੌਜੀ ਨੌਜਵਾਨਾਂ, ਅਧਿਕਾਰੀਆਂ ਅਤੇ ਬੇਕਸੂਰ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਆਪਣੇ ਹੱਥੀ ਸਮੁੱਚੀ ਕਾਰਜਕਾਰਨੀ ਮੈਂਬਰਾਂ ਨੂੰ ਸੀਨੀਅਰ ਸਿਟੀਜ਼ਨ ਕੌਂਸਲ ਸਮਾਰਟ ਪਹਿਚਾਣ ਪੱਤਰ ਤਕਸੀਮ ਕੀਤੇ ਗਏ ਅਤੇ ਕਈ ਹਾਜ਼ਰ ਮੈਂਬਰਾਂ ਨੂੰ ਵੀ ਸਮਾਰਟ ਕਾਰਡ ਦਿੱਤੇ ਗਏ।
ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਅੰਮ੍ਰਿਤ ਬਾਲਾ ਨੇ ਬਜ਼ੁਰਗਾਂ ਲਈ ਚਲ ਰਹੀਆਂ ਵੱਖ-ਵੱਖ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਐਡਵੋਕੇਟ ਮੁਨੀਸ਼ ਅਹੂਜਾ ਨੇ ਸੀਨੀਅਰ ਸਿਟੀਜਨਜ਼ ਲਈ ਸਰਕਾਰ ਵੱਲੋਂ ਉਪਲਬਧ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਯੂਕੋ ਬੈਂਕ ਤੋਂ ਐਲਡੀਐਮ ਸ਼੍ਰੀ ਪਰਫੁਲ ਸੇਥੀਆ ਵੱਲੋਂ ਸਰਕਾਰੀ ਬੈਂਕ ਯੋਜਨਾਵਾਂ ਅਤੇ ਇੰਸ਼ੋਰੈਂਸ ਬਾਰੇ ਜਾਣੂ ਕਰਵਾਇਆ ਗਿਆ।
ਸ਼੍ਰੀਮਤੀ ਭਗਵੰਤ ਕੌਰ, ਦਲਵੀਰ ਕੌਰ ਚੀਮਾ, ਪਰਮਿੰਦਰ ਕੌਰ ਪੰਦੋਹਾਲ, ਪੈਟਰਨ ਸੁਰਜਨ ਸਿੰਘ, ਸੁਰਿੰਦਰ ਸਿੰਘ ਨੰਗਲ, ਮੋਹਨ ਸਿੰਘ ਪਪਰਾਲਾ, ਡਾ. ਅਜਮੇਰ ਸਿੰਘ, ਸੁੱਚਾ ਸਿੰਘ ਅੰਧਰੇੜਾ, ਕੇਹਰ ਸਿੰਘ ਅਤੇ ਗੁਰਨਾਮ ਸਿੰਘ ਧਾਮੀ ਨੇ ਮਹਿਲਾਵਾਂ ਨਾਲ ਸਬੰਧਤ ਰਚਨਾਵਾਂ ਅਤੇ ਵਿਚਾਰ ਸਾਂਝੇ ਕੀਤੇ।
ਮਹਿਲਾ ਦਿਵਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਨਿਸ਼ਾ ਚੱਢਾ ਵੱਲੋਂ ਪ੍ਰਿੰਸੀਪਲ ਸੰਦੀਪ ਕੌਰ, ਲੈਕਚਰਰ ਹਰਪ੍ਰੀਤ ਕੌਰ, ਪਰਮਿੰਦਰ ਕੌਰ ਪੰਦੋਹਾਲ, ਦਲਵੀਰ ਕੌਰ ਚੀਮਾ, ਮੈਡਮ ਭਗਵੰਤ ਕੌਰ ਅਤੇ ਊਸ਼ਾ ਟੰਡਨ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਅਤੇ ਮੁੱਖ ਮਹਿਮਾਨ ਸ਼੍ਰੀਮਤੀ ਨਿਸ਼ਾ ਚੱਢਾ ਨੇ ਅਗਜੈਕਟਿਵ ਮੈਂਬਰ ਇੰਜੀਨੀਅਰ ਦੀਦਾਰ ਸਿੰਘ, ਗੁਰਨਾਮ ਸਿੰਘ ਧਾਮੀ ਅਤੇ ਸੁਰੇਸ਼ ਚੰਦਰ ਨੂੰ ਕੌਂਸਲ ਅੰਦਰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ।
ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਚੱਢਾ ਨੇ ਕਿਹਾ ਕਿ ਉਹ ਸੀਨੀਅਰ ਸਿਟੀਜਨਜ਼ ਦੀ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਵਿਧਾਇਕ ਦਿਨੇਸ਼ ਚੱਢਾ ਜੀ ਦਾ ਸੁਨੇਹਾ ਸਾਂਝਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ ਚਿਰਾਂ ਤੋਂ ਲਟਕਦੀ ਮੰਗ ਸੀਨੀਅਰ ਸਿਟੀਜਨਜ਼ ਕੰਪਲੈਕਸ ਦਾ ਟੈਂਡਰ ਜਾਰੀ ਹੋ ਚੁੱਕਾ ਹੈ ਅਤੇ ਜਲਦ ਹੀ ਸਬੰਧਤ ਕੰਮ ਵੀ ਸ਼ੁਰੂ ਹੋ ਜਾਵੇਗਾ।
ਅੰਤ ਵਿੱਚ ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਮੁੱਖ ਮਹਿਮਾਨ ਅਤੇ ਮਹਿਲਾ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਬੇਨਤੀ ਕੀਤੀ ਕਿ ਹਰ ਮੀਟਿੰਗ ਵਿੱਚ ਕੌਂਸਲ ਮੈਂਬਰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਅਤੇ ਹੋਰ ਸਾਥੀਆਂ ਨੂੰ ਮੈਬਰਸ਼ਿਪ ਲੈਣ ਲਈ ਪ੍ਰੇਰਿਤ ਕਰਨ। ਨਵੇਂ ਬਣਨ ਵਾਲੇ ਕੰਪਲੈਕਸ ਸਬੰਧੀ ਪ੍ਰਗਤੀ ਨੂੰ ਲੈ ਤੋਗੜ ਨੇ ਵਿਧਾਇਕ ਦਿਨੇਸ਼ ਚੱਢਾ ਦੀਆਂ ਕੋਸ਼ਿਸ਼ਾਂ ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕੀਤੀ ਅਤੇ ਨਗਰ ਕੌਂਸਲ ਪ੍ਰਧਾਨ ਸਮੇਤ ਸੰਬੰਧਿਤ ਕੌਂਸਲ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।
ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੁਰਿੰਦਰ ਸਿੰਘ ਤੋਗੜ ਨੇ ਸਮੁੱਚੀ ਕੌਂਸਲ ਕਾਰਜਕਾਰਨੀ ਟੀਮ ਦੀ ਸ਼ਮੂਲੀਅਤ ਦਾ ਧੰਨਵਾਦ ਕੀਤਾ। ਸਟੇਜ਼ ਸਕੱਤਰ ਦੀ ਭੂਮਿਕਾ ਹਮੇਸ਼ਾਂ ਦੀ ਤਰ੍ਹਾਂ ਮੈਡਮ ਪਰਮਿੰਦਰ ਕੌਰ ਪੰਦੋਹਾਲ ਨੇ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਪ੍ਰੈੱਸ ਸੂਚਨਾ ਕੌਂਸਲ ਦੇ ਅਗਜੈਕਟਿਵ ਮੈਂਬਰ ਕਮ ਐਡੀਟਰ ਇੰਜ: ਦੀਦਾਰ ਸਿੰਘ ਨੇ ਜਾਰੀ ਕੀਤੀ।