District Magistrate imposes complete ban on entry of professional beggars from outside during Hola Mohalla
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਮੈਜਿਸਟਰੇਟ ਨੇ ਹੋਲੇ ਮਹੱਲੇ ਮੌਕੇ ਬਾਹਰੋਂ ਆਉਣ ਵਾਲੇ ਪੇਸ਼ੇਵਰ ਮੰਗਤਿਆਂ ਦੇ ਦਾਖਲੇ ਤੇ ਪੂਰਨ ਪਾਬੰਦੀ ਲਗਾਈ
ਰੂਪਨਗਰ, 10 ਫਰਵਰੀ: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਤਹਿਤ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੋਲਾ ਮਹੱਲੇ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੀ ਆਮ ਜਨਤਾ ਅਤੇ ਸ਼ਰਧਾਲੂਆਂ ਨੂੰ ਮੰਗਤਿਆਂ ਤੋਂ ਹੋਣ ਵਾਲੀ ਪ੍ਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਅਤੇ ਇਨ੍ਹਾਂ ਮੰਗਤਿਆਂ ਦੁਆਰਾ ਹੋਣ ਵਾਲੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਫਰਵਰੀ 2026 ਤੋਂ 04 ਮਾਰਚ 2026 ਤੱਕ ਬਾਹਰੋਂ ਆਉਣ ਵਾਲੇ ਪੇਸ਼ੇਵਰ ਮੰਗਤਿਆਂ ਦੇ ਦਾਖਲੇ ਤੇ ਪੂਰਨ ਪਾਬੰਦੀ ਲਗਾਈ ਹੈ।
ਸ਼੍ਰੀ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਹੋਲੇ ਮਹੱਲੇ ਦਾ ਇਤਿਹਾਸਕ ਤਿਉਹਾਰ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਫਰਵਰੀ 2026 ਤੋਂ 04 ਮਾਰਚ 2026 ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਬਾਹਰ ਦੇ ਰਾਜਾਂ ਤੋਂ ਕਾਫੀ ਗਿਣਤੀ ਵਿੱਚ ਮੰਗਤੇ ਪਹੁੰਚ ਜਾਂਦੇ ਹਨ। ਕੁਝ ਮੰਗਤੇ ਤਾਂ ਇਕੱਲੇ ਤੌਰ ਤੇ ਆਉਂਦੇ ਹਨ ਪ੍ਰੰਤੂ ਕੁਝ ਮੰਗਤੇ ਪੇਸ਼ਾਵਰ ਲੋਕਾਂ ਵੱਲੋਂ ਗੱਡੀਆਂ ਵਿੱਚ ਭਰਕੇ ਸ਼ਹਿਰ ਵਿੱਚ ਛੱਡ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਤਿਆਂ ਵੱਲੋਂ ਜਿੱਥੇ ਆਮ ਪਬਲਿਕ ਅਤੇ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਉੱਥੇ ਹੀ ਇਨ੍ਹਾਂ ਵਲੋਂ ਚੋਰੀਆਂ ਆਦਿ ਕਰਨ ਦਾ ਡਰ ਵੀ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਹਰੋਂ ਆਉਣ ਵਾਲੇ ਇਨ੍ਹਾਂ ਮੰਗਤਿਆਂ ਤੋਂ ਆਮ ਪਬਲਿਕ ਅਤੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਔਕੜ/ਪ੍ਰੇਸ਼ਾਨੀ ਨਾ ਆਵੇ, ਇਨ੍ਹਾਂ ਮੰਗਤਿਆਂ ਦੇ 27 ਫਰਵਰੀ 2026 ਤੋਂ 04 ਮਾਰਚ 2026 ਤੱਕ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਹੋਣ ਤੇ ਪੂਰੀ ਪਾਬੰਦੀ ਲਗਾਈ ਗਈ ਹੈ।