ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ 326 ਕਰੋੜ 29 ਲੱਖ ਰੁਪਏ ਤੋਂ ਵਧੇਰੇ ਦੀ ਅਦਾਇਗੀ-ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ 326 ਕਰੋੜ 29 ਲੱਖ ਰੁਪਏ ਤੋਂ ਵਧੇਰੇ ਦੀ ਅਦਾਇਗੀ-ਡਿਪਟੀ ਕਮਿਸ਼ਨਰ
ਪਨਗਰੇਨ ਵੱਲੋਂ ਸਭ ਤੋਂ ਵਧੇਰੇ 97 ਕਰੋੜ 68 ਲੱਖ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ’ਚ ਪਾਈ
ਮੰਡੀਆਂ ਚੋਂ 89 ਪ੍ਰਤੀਸ਼ਤ ਕਣਕ ਦੀ ਲਿਫਟਿੰਗ ਮੁਕੰਮਲ
ਰੂਪਨਗਰ, 10 ਮਈ: ਕਿਸਾਨਾਂ ਦੀ ਖਰੀਦ ਕੀਤੀ ਕਣਕ ਦੀ ਨਾਲੋ ਨਾਲੋ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਕੀਤੀ ਜਾ ਰਹੀ ਹੈ। ਹੁਣ ਤੱਕ ਖਰੀਦ ਕੀਤੀ ਕਣਕ ਦੀ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 326 ਕਰੋੜ 29 ਲੱਖ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਪਨਗ੍ਰੇਨ ਏਜੰਸੀ ਵੱਲੋਂ 97.68 ਕਰੋੜ, ਮਾਰਕਫੈੱਡ ਵੱਲੋਂ 79.95 ਕਰੋੜ, ਪਨਸਪ ਵੱਲੋਂ 73.38, ਪੰਜਾਬ ਵੇਅਰਹਾਉਸ ਵੱਲੋਂ 48.53 ਅਤੇ ਐਫ.ਸੀ.ਆਈ. ਵੱਲੋਂ 26.75 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 1 ਲੱਖ 65 ਹਜ਼ਾਰ 122 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜੋ ਮੰਗਲਵਾਰ ਸ਼ਾਮ ਤੱਕ ਵੱਖ-ਵੱਖ ਖਰੀਦ ਏਜੰਸੀਆਂ ਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ’ਚੋਂ ਪਨਗ੍ਰੇਨ ਵੱਲੋਂ 46164 ਮੀਟਰਕ ਟਨ, ਮਾਰਕਫੈੱਡ ਵੱਲੋਂ 38836 ਮੀਟਰਕ ਟਨ, ਪਨਸਪ ਵੱਲੋਂ 35074 ਮੀਟਰਕ ਟਨ, ਵੇਅਰ ਹਾਊਸ ਵੱਲੋਂ 23514 ਮੀਟਰਕ ਟਨ, ਐਫ.ਸੀ.ਆਈ. ਵੱਲੋਂ 14197 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 7337 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੰਟਰੋਲਰ ਸ੍ਰੀਮਤੀ ਡਾ. ਨਵਰੀਤ ਨੇ ਦੱਸਿਆ ਕਿ ਕੇਂਦਰ ਮੋਰਿੰਡਾ ਵਿਖੇ ਸਰਕਾਰ ਵੱਲੋਂ ਪੀ.ਈ.ਜੀ. ਗੁਦਾਮ ਹਾਇਰ ਕਰਨ ਨਾਲ ਮੋਰਿੰਡਾ ਮੰਡੀ ਵਿਖੇ ਕਣਕ ਦੀ ਲਿਫਟਿੰਗ ਦੇ ਕੰਮ ਵਿੱਚ ਤੇਜੀ ਆਈ ਹੈ। ਉਨ੍ਹਾਂ ਦੱਸਿਆ ਕਿ ਮੰਡੀ ਮੋਰਿੰਡਾ ਵਿਖੇ ਸਮੂਹ ਏਜੰਸੀਆਂ ਨੂੰ ਰੋਜ਼ਾਨਾ ਘੱਟੋ ਘੱਟ 1000 ਮੀਟਿਰਕ ਟਨ ਕਣਕ ਦੀ ਲਿਫਟਿੰਗ ਦਾ ਟੀਚਾ ਦਿੱਤਾ ਗਿਆ ਹੈ, ਜਿਸ ਤਹਿਤ ਲੰਘੇ ਦਿਨੀ ਮੋਰਿੰਡਾ ਮੰਡੀ ਵਿਖੇ ਪਨਗਰੇਨ ਏਜੰਸੀ ਵੱਲੋਂ 430 ਮੀਟਿਰਕ ਟਨ, ਮਾਰਕਫੈੱਡ ਵੱਲੋਂ 210 ਮੀਟਿਰਕ ਟਨ ਅਤੇ ਵੇਅਰ ਹਾਊਸ ਵੱਲੋਂ 380 ਮੀਟਿਰਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਵੱਲੋਂ ਮੰਡੀਆਂ ’ਚ ਲਿਆਂਦੀ ਕਣਕ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਣ ਲਈ ਵਚਨਬੱਧ ਹੈ ਅਤੇ ਖਰੀਦ ਪ੍ਰਕਿਰਿਆ ਮੁਕੰਮਲ ਹੋਣ ਤੱਕ ਕਿਸੇ ਵੀ ਕਿਸਾਨ ਨੂੰ ਮੰਡੀਆਂ ’ਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਬੰਧੀ ਮੋਰਿੰਡਾ ਮੰਡੀ ਵਿਖੇ ਆਪਣੀ ਫਸਲ ਵੇਚਣ ਆਏ ਸੁਖਵੀਰ ਸਿੰਘ ਪੁੱਤਰ ਸ੍ਰੀ ਦਰਬਾਰਾ ਸਿੰਘ ਵਾਸੀ ਦੁਲਚੀ ਮਾਜਰਾ ਨਾਲ ਗੱਲਬਾਤ ਕੀਤੀ ਗਈ, ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਤੋਂ ਕਾਫੀ ਖੁਸ਼ ਨਜ਼ਰ ਆਏ। ਕਿਸਾਨ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਮੰਡੀ ਵਿੱਚ ਕੀਤੇ ਪੁਖਤਾ ਪ੍ਰਬੰਧਾਂ ਸਦਕਾ ਉਹ ਸਮੇਂ ਸਿਰ ਆਪਣੀ ਫਸਲ ਵੇਚ ਕੇ ਵਿਹਲੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਉਂ ਕਿ ਉਹ ਆਪਣੀ ਫਸਲ ਸੁਕਾਉਣ ਉਪਰੰਤ ਹੀ ਮੰਡੀ ਵਿੱਚ ਲੈ ਕੇ ਆਏ ਸਨ, ਜਿਸ ਉਪਰੰਤ ਮੰਡੀ ਵਿੱਚ ਢੇਰੀ ਕੀਤੀ ਫਸਲ ਦੀ ਸਾਫ-ਸਫਾਈ ਹੋਣ ਤੋਂ ਤੁਰੰਤ ਬਾਅਦ ਹੀ ਬੋਲੀ ਲੱਗ ਗਈ ਸੀ, ਜਿਸ ਦੀ ਅਦਾਇਗੀ 24 ਘੰਟੇ ਦੇ ਵਿੱਚ-2 ਸਰਕਾਰ ਵੱਲੋਂ ਕਰ ਦਿੱਤੀ ਗਈ ਹੈ।