29 ਜੂਨ ਨੂੰ ਹੋਣ ਵਾਲੀ ਫ਼ੌਜ ਦੀ ਪ੍ਰੀਖਿਆ ਲਈ ਅਪਲਾਈ ਕਰ ਚੁੱਕੇ ਉਮੀਦਾਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਮਿਸ਼ਨ ਸੂਰਮਾ ਤਹਿਤ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ: ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
29 ਜੂਨ ਨੂੰ ਹੋਣ ਵਾਲੀ ਫ਼ੌਜ ਦੀ ਪ੍ਰੀਖਿਆ ਲਈ ਅਪਲਾਈ ਕਰ ਚੁੱਕੇ ਉਮੀਦਾਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਮਿਸ਼ਨ ਸੂਰਮਾ ਤਹਿਤ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ: ਡਿਪਟੀ ਕਮਿਸ਼ਨਰ
• 19 ਮਈ ਤੋਂ ਜ਼ਿਲ੍ਹੇ ਦੇ 6 ਕੇਂਦਰਾਂ ਵਿੱਚ ਪੇਸ਼ੇਵਰ ਕੋਚ ਅਤੇ ਲੈਕਚਰਾਰ ਨੋਜੁਆਨਾਂ ਨੂੰ ਤਿਆਰੀ ਕਰਵਾਉਣਗੇ
• 6 ਹਫ਼ਤਿਆਂ ਦੌਰਾਨ ਨਿਰਧਾਰਿਤ ਲਿਖਤੀ ਸਿਲੇਬਸ ਅਤੇ ਸਰੀਰਕ ਸਮਰੱਥਾ ਵਧਾਉਣ ਦੀ ਸਿਖਲਾਈ ਉਮੀਦਵਾਰਾਂ ਨੂੰ ਸਫ਼ਲ ਕਰੇਗੀ
• ਜ਼ਿਲ੍ਹਾ ਰੂਪਨਗਰ ਵਿੱਚ ਫ਼ੌਜ ਦੀ ਪ੍ਰੀਖਿਆ ਲਈ ਅਪਲਾਈ ਕਰ ਚੁੱਕੇ ਉਮੀਦਵਾਰਾਂ ਨੂੰ ਸਿਖਲਾਈ ਪ੍ਰਾਪਤ ਕਰਨ ਦਾ ਸੁਨਿਹਰੀ ਮੌਕਾ
ਰੂਪਨਗਰ, 16 ਮਈ:ਜ਼ਿਲ੍ਹਾ ਪ੍ਰਸ਼ਾਸਨ ਮਿਸ਼ਨ ਸੂਰਮਾ ਤਹਿਤ 29 ਜੂਨ ਨੂੰ ਹੋਣ ਵਾਲੀ ਫ਼ੌਜ ਦੀ ਪ੍ਰੀਖਿਆ ਲਈ ਅਪਲਾਈ ਕਰ ਚੁੱਕੇ ਉਮੀਦਵਾਰਾਂ ਨੂੰ ਮੁਫ਼ਤ ਸਿਖਲਾਈ ਮੁਹੱਈਆ ਕਰਵਾਏਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਆਈ.ਏ.ਐਸ. ਨੇ ਦੱਸਿਆ ਕਿ 19 ਮਈ ਤੋਂ ਜ਼ਿਲ੍ਹੇ ਦੇ 6 ਕੇਂਦਰਾਂ ਵਿੱਚ ਪੇਸ਼ੇਵਰ ਕੋਚ ਅਤੇ ਲੈਕਚਰਾਰ ਉਨ੍ਹਾਂ ਨੋਜੁਆਨਾਂ ਨੂੰ ਫ਼ੌਜ (ਆਰਮੀ) ਦੀ ਭਰਤੀ ਲਈ ਮੁਫ਼ਤ ਲਿਖਤੀ ਅਤੇ ਸਰੀਰਕ ਸਿਖਲਾਈ ਮੁਹੱਈਆ ਕਰਵਾਏਗੀ। ਇਸ ਵਿਸ਼ੇਸ਼ ਉਪਰਾਲੇ ਨਾਲ ਜ਼ਿਲ੍ਹਾ ਰੂਪਨਗਰ ਦੇ ਫ਼ੌਜ ਦੀ ਭਰਤੀ ਲਈ ਅਪਲਾਈ ਕਰ ਚੁੱਕੇ 2676 ਉਮੀਦਵਾਰਾਂ ਨੂੰ ਸਿਖਲਾਈ ਪ੍ਰਾਪਤ ਕਰਨ ਦਾ ਸੁਨਿਹਰੀ ਮੌਕਾ ਮਿਲੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਆਰਮੀ ਦੀ ਭਰਤੀ ਲਈ ਜਿਲ੍ਹੇ ਦੇ ਸਮੂਹ ਬਲਾਕਾਂ ਵਿੱਚ 6 ਮੁਫਤ ਲਿਖਤੀ ਅਤੇ ਸਰੀਰਕ ਸਿਖਲਾਈ ਕੇਂਦਰ ਖੋਲ੍ਹੇ ਜਾ ਰਹੇ ਹਨ। ਜਿਸ ਅਧੀਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਕਾਲਜ/ਚਰਨ ਗੰਗਾ ਸਟੇਡੀਅਮ, ਨੰਗਲ ਵਿਖੇ ਸੀ-ਪਾਈਟ ਕੈਂਪ (ਸਿਵਾਲਿਕ ਕਾਲਜ), ਸ੍ਰੀ ਚਮਕੌਰ ਸਾਹਿਬ ਵਿਖੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ/ਬਾਬਾ ਜੋਰਾਵਰ ਸਿੰਘ ਸਟੇਡੀਅਮ, ਰੂਪਨਗਰ ਵਿਖੇ ਐਨ.ਸੀ.ਸੀ ਅਕੈਡਮੀ/ਨਹਿਰੂ ਸਟੇਡੀਅਮ, ਨੂਰਪੁਰ ਬੇਦੀ ਵਿਖੇ ਡੀ.ਏ.ਵੀ ਸਕੂਲ, ਤਖ਼ਤਗੜ੍ਹ ਸਥਾਪਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ 19 ਮਈ 2025 ਤੋਂ ਸਵੇਰੇ 9 ਵਜੇ ਤੋਂ 12 ਵਜੇ ਤੱਕ ਲਿਖਤੀ ਪ੍ਰੀਖਿਆ ਦੀ ਸਿਖਲਾਈ ਅਤੇ ਸਰੀਰਕ ਸਿੱਖਿਆ ਸਬੰਧੀ ਸਿਖਲਾਈ ਸਵੇਰੇ 7 ਤੋਂ 8 ਤੇ ਸ਼ਾਮ 4 ਤੋਂ 5 ਦਿੱਤੀ ਜਾਵੇਗੀ। ਇਨ੍ਹਾਂ ਕੇਂਦਰਾਂ ਵਿੱਚ ਸਿਖਲਾਈ ਅਗਲੇ 6 ਹਫ਼ਤਿਆਂ ਤੱਕ ਜਾਰੀ ਰਹੇਗੀ।
ਵਰਜੀਤ ਵਾਲੀਆ ਨੇ ਦੱਸਿਆ ਕਿ ਫ਼ੌਜ ਦੀ ਭਰਤੀ ਲਈ ਉਮੀਦਵਾਰਾਂ ਦੀ ਪ੍ਰੀਖਿਆ ਪੰਜਾਬੀ ਗੁਰਮੁੱਖੀ ਭਾਸ਼ਾ ਵਿੱਚ ਹੋਵੇਗੀ ਅਤੇ ਕੋਈ ਵੀ ਨੈਗਟਿਵ ਮਾਰਕਿੰਗ ਨਹੀ ਹੈ। ਮੌਜੂਦਾ ਸਾਲ ਤੋਂ ਐਨਲਾਈਨ ਕਾਮਨ ਐਂਟਰੇਸ ਪ੍ਰੀਖਿਆ (ਸੀ.ਈ.ਈ.) ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਕਰਵਾਏ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਿਖਤੀ ਪ੍ਰੀਖਿਆ ਦੀ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੇ ਦੂਜੇ ਪੜਾਅ ਵਿੱਚ ਸਰੀਰਕ ਪ੍ਰੀਖਿਆ ਵਿੱਚ ਹਿੱਸਾ ਲੈਣ ਲਈ ਬੁਲਾਇਆ ਜਾਵੇਗਾ। ਆਨਲਾਈਨ ਸੀਈਈ ਦੌਰਾਨ ਕਲਰਕ ਅਤੇ ਸਟੋਰਕੀਪਰ ਟੈਕਨੀਕਲ ਲਈ ਟਾਈਪਿੰਗ ਟੈਸਟ ਲਿਆ ਜਾਵੇਗਾ, ਜਿਸ ਵਿਚ ਟੈਸਟ ਦੌਰਾਨ ਅੰਗਰੇਜੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਲੋੜੀਦੀ ਹੈ।
ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੇ ਚਾਹਵਾਨ ਉਮੀਦਵਾਰ ਹੋਰ ਜਾਣਕਾਰੀ ਲੈਣ ਲਈ ਮੋਬਾਇਲ ਨੰਬਰ 89683-21674 ਉੱਤੇ ਸੰਪਰਕ ਕਰ ਸਕਦੇ ਹਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗਰਾਊਂਡ ਫਲੌਰ, ਡੀਸੀ ਕੰਪਲੈਕਸ ਰੂਪਨਗਰ ਵਿਖੇ ਪਹੁੰਚ ਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ।