ਬੰਦ ਕਰੋ

16 ਮਈ ਤੋਂ ਰੂਪਨਗਰ ਜ਼ਿਲ੍ਹੇ ‘ਚ ਹੋਵੇਗੀ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ : ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 14/05/2025
Drug de-addiction campaign to begin in Rupnagar district from May 16: Deputy Commissioner

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

“ਯੁੱਧ ਨਸ਼ਿਆਂ ਵਿਰੁੱਧ”

16 ਮਈ ਤੋਂ ਰੂਪਨਗਰ ਜ਼ਿਲ੍ਹੇ ‘ਚ ਹੋਵੇਗੀ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ : ਡਿਪਟੀ ਕਮਿਸ਼ਨਰ

‘ਨਸ਼ਾ ਮੁਕਤੀ ਯਾਤਰਾ’ ਦਾ ਮੁੱਖ ਉਦੇਸ਼ ਨਸ਼ਿਆਂ ਦੇ ਖ਼ਿਲਾਫ ਲੋਕਾਂ ਨੂੰ ਜਾਗਰੂਕ ਕਰਨਾ, ਨਸ਼ਾ ਰਹਿਤ ਸਮਾਜ ਬਣਾਉਣਾ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ

ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਹੋਵੇਗੀ ਪਿੰਡਾਂ ਤੱਕ ਪਹੁੰਚ

ਰੂਪਨਗਰ, 14 ਮਈ: ਰੂਪਨਗਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ 16 ਮਈ ਦਿਨ ਸ਼ੁੱਕਰਵਾਰ ਤੋਂ ਕੀਤੀ ਜਾ ਰਹੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਜੜ੍ਹੋਂ ਖਾਤਮੇ ਲਈ ਪਿੰਡ ਅਤੇ ਵਾਰਡ ਦੇ ਪਹਿਰੇਦਾਰ ਦੇ ਰੂਪ ਵਿੱਚ ਵਿਲੱਖਣ ਸ਼ੁਰੂਆਤ ਕੀਤੀ ਹੈ, ਜੋ ਸਹੀ ਮਾਇਨਿਆਂ ਵਿੱਚ ਯੋਧਿਆਂ ਦੀ ਫੌਜ ਹੋਵੇਗੀ ਜੋ ਕਿ ਭਵਿੱਖ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਕੰਮ ਕਰੇਗੀ।

ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਨਸ਼ਿਆਂ ਦੇ ਖ਼ਿਲਾਫ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਸਮਾਜ ਨੂੰ ਨਸ਼ਾ ਰਹਿਤ ਬਣਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ 16 ਮਈ ਨੂੰ ਰੂਪਨਗਰ ਬਲਾਕ ਦੇ ਪਿੰਡ ਚੰਦਪੁਰ ਵਿਖੇ ਸ਼ਾਮ ਨੂੰ 4 ਵਜੇ, ਮਲਕਪੁਰ ਵਿਖੇ 5 ਵਜੇ ਅਤੇ ਪਿੰਡ ਢੱਕੀ ਵਿਖੇ 6 ਵਜੇ ਇਸ ਯਾਤਰਾ ਦਾ ਆਗਾਜ਼ ਕੀਤਾ ਜਾਵੇਗਾ।

ਇਸੇ ਤਰ੍ਹਾਂ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ 17 ਮਈ ਨੂੰ 4 ਵਜੇ ਪਿੰਡ ਗੋਸਲਾਂ, 5 ਵਜੇ ਸੀਹੋਮਾਜਰਾ ਅਤੇ 6 ਵਜੇ ਚੱਕਲਾਂ ਵਿਖੇ ਇਹ ਪ੍ਰੋਗਰਾਮ ਕੀਤਾ ਜਾਵੇਗਾ।

ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਮੌਕੇ ਹਲਕਾ ਵਿਧਾਇਕ ਤੋਂ ਇਲਾਵਾ, ਐਸਡੀਐਮ, ਬੀਡੀਓ, ਐੱਸ ਐੱਚ ਓ ਸਮੇਤ ਹੋਰ ਅਧਿਕਾਰੀ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਣਗੇ।

ਉਨ੍ਹਾਂ ਦੱਸਿਆ ਕਿ ਜਦੋਂ ਇਹ ਯਾਤਰਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਆਯੋਜਿਤ ਕੀਤੀ ਜਾਵੇਗੀ ਤਾਂ ਗ੍ਰਾਮ ਪੰਚਾਇਤ ਵੱਲੋਂ ਗ੍ਰਾਮ ਸਭਾ ਆਯੋਜਿਤ ਕੀਤੀ ਜਾਵੇਗੀ ਅਤੇ ਹਾਜ਼ਰੀਨ ਨੂੰ ਸਹੁੰ ਚੁਕਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਇਸ ਯਾਤਰਾ ਤਹਿਤ ਨਸ਼ਿਆਂ ਦੀ ਆਦਤ ਤੋਂ ਪੀੜਤ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਹੀ ਇਲਾਜ ਕਰਵਾਉਣਾ ਵੀ ਯਕੀਨੀ ਬਣਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਯਾਤਰਾ ਤਹਿਤ ਪਿੰਡਾਂ ਵਿੱਚ ਕੀਤੀ ਜਾਣ ਵਾਲੀ ਇਸ ਮੀਟਿੰਗ ਵਿੱਚ ਪਿੰਡ ਸੁਰੱਖਿਆ ਕਮੇਟੀ, ਸਰਪੰਚ, ਪੰਚਾਇਤ ਮੈਂਬਰ, ਨੰਬਰਦਾਰ, ਯੂਥ ਕਲੱਬਾਂ ਦੇ ਨੁਮਾਇੰਦੇ, ਮਹਿਲਾਂ ਮੰਡਲ ਦੇ ਨੁਮਾਇੰਦਿਆਂ ਤੋਂ ਇਲਾਵਾ ਪਿੰਡ ਦੇ ਹੋਰ ਮੋਹਤਬਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉੱਚ ਅਧਿਕਾਰੀ ਸ਼ਾਮਲ ਹੋਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲ ਕਰਨ ਲਈ ਪਿੰਡ ਸੁਰੱਖਿਆ ਕਮੇਟੀ (ਪਿੰਡਾਂ ਦੇ ਪਹਿਰੇਦਾਰ) ਕਮੇਟੀ ਵੱਲੋਂ ਬਲਾਕ ਵਿਕਾਸ ਪੰਚਾਇਤ ਅਫਸਰ ਅਤੇ ਐੱਸਐੱਚਓਜ਼ ਦਾ ਸਹਿਯੋਗ ਕੀਤਾ ਜਾਵੇਗਾ।