10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ – ਜ਼ਿਲ੍ਹਾ ਰੂਪਨਗਰ ਦੀਆਂ 46 ਮੰਡੀਆਂ ’ਚ ਹੋਵੇਗੀ ਕਣਕ ਦੀ ਖਰੀਦ
Office of District Public Relations Officer, Rupnagar
Rupnagar Dated 5 April 2021
ਜ਼ਿਲ੍ਹਾ ਰੂਪਨਗਰ ਦੀਆਂ 46 ਮੰਡੀਆਂ ’ਚ ਹੋਵੇਗੀ ਕਣਕ ਦੀ ਖਰੀਦ, ਮੰਡੀਆਂ ’ਚ ਤਿਆਰੀ ਜੰਗੀ ਪੱਧਰ ਤੇ ਜਾਰੀ
ਜ਼ਿਲ੍ਹੇ ਦੀਆਂ 23 ਪੱਕੀਆਂ ਤੇ 23 ਆਰਜ਼ੀ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਕੀਤੀ ਜਾਵੇਗੀ :ਡਿਪਟੀ ਕਮਿਸ਼ਨਰ
ਕਿਹਾ ,ਮੰਡੀਆਂ ’ਚ ਫ਼ਸਲ ਵੇਚਣ ਆਏ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰੇਸ਼ਾਨੀ
ਕਿਹਾ, ਮੰਡੀਆਂ ’ਚ ਸ਼ੈਡ, ਪੀਣ ਦੇ ਪਾਣੀ ਅਤੇ ਰੋਸ਼ਨੀ ਦਾ ਕੀਤਾ ਜਾ ਰਿਹਾ ਹੈ ਵਿਸ਼ੇਸ਼ ਪ੍ਰਬੰਧ
10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਹੋਵੇਗੀ ਸ਼ੁਰੂ
ਕਿਸਾਨਾਂ ਨੂੰ ਅਪੀਲ , ਮੰਡੀਆਂ ’ਚ ਕੋਵਿਡ ਬਚਾਅ ਸਬੰਧੀ ਸਾਵਧਾਨੀਆਂ ਦੀ ਪਾਲਣਾ ਬਣਾਈ ਜਾਵੇ ਯਕੀਨੀ
ਪੰਜਾਬ ਸਰਕਾਰ ਵਲੋਂ ਮੰਡੀਆਂ ਵਿੱਚ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ ਅਤੇ ਇਸ ਲਈ ਜ਼ਿਲ੍ਹੇ ਵਿੱਚ ਕਣਕ ਦੀ ਸੁਚਾਰੂ ਖਰੀਦ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਸਗੋਂ ਕਣਕ ਦਾ ਦਾਣਾ ਦਾਣਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖਰੀਦਿਆ ਜਾਵੇਗਾ l ਇਹ ਜਾਣਕਾਰੀ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ 23 ਪੱਕੀਆਂ ਤੇ 23 ਆਰਜ਼ੀ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਕੀਤੀ ਜਾਵੇਗੀ ਅਤੇ ਇਸ ਦੇ ਲਈ ਮੰਡੀਆਂ ਵਿੱਚ ਜੰਗੀ ਪੱਧਰ ’ਤੇ ਪ੍ਰਬੰਧ ਮੁਕੰਮਲ ਬਣਾਏ ਜਾ ਰਹੇ ਹਨ। ਇਸ ਲਈ ਮੰਡੀਆਂ ਵਿੱਚ ਸਫਾਈ ਕਾਰਜ ਜਾਰੀ ਹੈ ਅਤੇ 10 ਅਪ੍ਰੈਲ ਤੱਕ ਸਾਰੀਆਂ ਮੰਡੀਆਂ ਵਿੱਚ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ ਦੇ ਲਈ ਸ਼ੈਡ, ਪੀਣ ਦਾ ਪਾਣੀ ਅਤੇ ਰੋਸ਼ਨੀ ਦਾ ਇੰਤਜ਼ਾਮ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਣਕ ਵੇਚਣ ਦੇ ਲਈ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਸਰਕਾਰ ਵਲੋਂ ਖਰੀਦਿਆਂ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਬਣਾਏ ਗਏ ਖਰੀਦ ਕੇਂਦਰਾਂ ਵਿੱਚ ਸਫਾਈ ਦੀ ਵਿਵਸਥਾ ਦੇ ਕਾਰਜ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਦੇ ਲਈ ਸ਼ੈਡ ਬਣਾਏ ਹੋਏ ਹਨ, ਇਸੇ ਤਰ੍ਹਾਂ ਉਨ੍ਹਾਂ ਦੇ ਪੀਣ ਦੇ ਪਾਣੀ ਲਈ ਵੀ ਮੰਡੀਆਂ ਵਿੱਚ ਵਿਸ਼ੇਸ਼ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਸੁੱਕੀ ਕਣਕ ਅਤੇ ਸਾਫ-ਸੁਥਰੀ ਫ਼ਸਲ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਫ਼ਸਲ ਦੇ ਮੰਡੀਕਰਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਸਮੂਚੀ ਖਰੀਦ ਪ੍ਰਕ੍ਰਿਆ ਦੇ ਦੌਰਾਨ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਸਾਹਮਣੇ ਨਾ ਆਵੇ ਇਸ ਲਈ ਜ਼ਰੂਰੀ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ।
ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਦੇ ਰਹਿਣ, ਮਾਸਕ ਪਹਿਨਣ, ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣ ਕਰਨ, ਸਾਫ-ਸਫਾਈ ਦਾ ਧਿਆਨ ਰੱਖਣ ਆਦਿ ਸਹਿਤ ਵੱਖ-ਵੱਖ ਹਦਾਇਤਾਂ ਜ਼ਿਲ੍ਹੇ ਦੇ ਮੰਡੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸੇ ਪ੍ਰਬੰਧ ਕੀਤੇ ਗਏ ਹਨ ਕਿ ਕਿਸਾਨਾਂ ਅਤੇ ਸਬੰਧਤ ਵਰਗ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਫ਼ਸਲ ਵੇਚਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਵੀ ਬਚਾਇਆ ਜਾ ਸਕੇ।