ਜ਼ਿਲ੍ਹੇ ਬਾਬਤ
ਰੂਪਨਗਰ ਜ਼ਿਲ੍ਹੇ ਦਾ ਨਾਂ ਇਸਦੇ ਜ਼ਿਲ੍ਹਾ ਸਦਰ ਮੁਕਾਮ, ਰੂਪਨਗਰ ਸ਼ਹਿਰ ਦੇ ਨਾਂ ਤੇ ਰੱਖਿਆ ਗਿਆ ਹੈ। ਪਹਿਲਾਂ ਰੋਪੜ ਵਜੋਂ ਜਾਣੇ ਜਾਂਦੇ ਰੂਪਨਗਰ ਸ਼ਹਿਰ ਦੀ ਨੀਂਹ ਰੋਕੇਸ਼ਰ ਨਾਂ ਦੇ ਰਾਜਾ ਵੱਲੋਂ ਰੱਖੀ ਗਈ ਮੰਨੀ ਜਾਂਦੀ ਹੈ ਜਿਸਨੇ 11ਵੀਂ ਸਦੀ ਦੌਰਾਨ ਰਾਜ ਕੀਤਾ ਅਤੇ ਇਸ ਦਾ ਨਾਂ ਆਪਣੇ ਪੁੱਤਰ ਰੂਪ ਸੈਨ ਦੇ ਨਾਂ ਤੇ ਰੱਖਿਆ। ਇਹ ਸ਼ਹਿਰ ਬਹੁਤ ਪੁਰਾਤਨਤਾ ਵਾਲਾ ਸ਼ਹਿਰ ਹੈ। ਰੂਪਨਗਰ ਵਿਖੇ ਹਾਲ ਵਿਚ ਹੀ ਹੋਈਆਂ ਖੁਦਾਈਆਂ ਅਤੇ ਖੋਜ ਇਹ ਦਰਸਾਉਂਦੀ ਹੈ ਕਿ ਇਥੇ ਸਭ ਤੋਂ ਪਹਿਲਾਂ ਵਸਣ ਵਾਲੇ ਸਭਿਅ ਲੋਕ ਹੜੱਪਣ ਸਨ ਜਿਹੜੇ ਤੀਜੇ ਮਿਲੇਨੀਅਮ ਈਸਾ ਪੂਰਵ ਦੇ ਅੰਤ ਵਿਚ ਅਪਰ ਸਤਲੁਜ ਜਾਂ ਸਤਲੁਜ ਦੇ ਉੱਪਰਲੇ ਪਾਸੇ ਪਹੁੰਚੇ ਸਨ। ਰਾਜ ਦੇ ਪੁਨਰ-ਸੰਗਠਨ ਵੇਲੇ 1, ਨਵੰਬਰ, 1966 ਨੂੰ ਇਹ ਜ਼ਿਲ੍ਹਾ ਬਣਾਇਆ ਗਿਆ। ਜ਼ਿਲ੍ਹੇ ਦਾ ਬਹੁਤ ਜ਼ਿਆਦਾ ਇਤਿਹਾਸਕ ਅਤੇ ਧਾਰਮਿਕ ਮਹੱਤਵ ਹੈ। 14.4.2006 ਨੂੰ ਇੱਕ ਨਵਾਂ ਜ਼ਿਲ੍ਹਾ ਐੱਸ ਏ ਐੱਸ ਨਗਰ (ਮੋਹਾਲੀ) ਬਣਾਇਆ ਗਿਆ। ਪਹਿਲਾਂ ਦੇ ਰੂਪਨਗਰ ਜ਼ਿਲ੍ਹੇ ਦੇ ਦੋ ਬਲਾਕਾਂ ਖਰੜ ਅਤੇ ਮਾਜਰੀ ਨੂੰ ਨਵੇਂ ਬਣਾਏ ਗਏ ਜ਼ਿਲ੍ਹੇ ਵਿਚ ਸ਼ਾਮਿਲ ਕਰ ਲਿਆ ਗਿਆ ਹੈ।
ਰੂਪਨਗਰ ਜ਼ਿਲ੍ਹਾ ਉੱਤਰ ਅਕਸ਼ਾਂਸ਼ 30 ਡਿਗਰੀ-32 ਅਤੇ 31 ਡਿਗਰੀ- 24 ਵਿਚਕਾਰ ਅਤੇ ਰੇਖਾਂਸ਼ 76 ਡਿਗਰੀ-18 ਅਤੇ 76 ਡਿਗਰੀ- 55 ਵਿਚ ਹੈ। ਰੂਪਨਗਰ (ਪਹਿਲਾਂ ਰੋਪੜ ਵਜੋਂ ਜਾਣਿਆ ਜਾਂਦਾ) ਸ਼ਹਿਰ , ਜ਼ਿਲ੍ਹਾ ਸਦਰਮੁਕਾਮ, ਰਾਜ ਦੀ ਰਾਜਧਾਨੀ, ਚੰਡੀਗੜ੍ਹ ਤੋਂ 42 ਕਿ.ਮੀ. ਦੀ ਦੂਰੀ ਤੇ ਹੈ। ਇਹ ਜ਼ਿਲ੍ਹਾ ਪੰਜਾਬ ਦੇ ਨਵਾਂ ਸ਼ਹਿਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਨਾਲ ਲੱਗਦਾ ਹੈ। ਜ਼ਿਲ੍ਹੇ ਵਿਚ 5 ਤਹਿਸੀਲਾਂ ਰੂਪਨਗਰ, ਸ਼੍ਰੀ ਅਨੰਦਪੁਰ ਸਾਹਿਬ, ਨੰਗਲ, ਮੋਰਿੰਡਾ ਅਤੇ ਸ਼੍ਰੀ ਚਮਕੌਰ ਸਾਹਿਬ , 606 ਪਿੰਡ ਅਤੇ 6 ਸ਼ਹਿਰ ਅਰਥਾਤ ਰੂਪਨਗਰ, ਚਮਕੌਰ ਸਾਹਿਬ, ਅਨੰਦਪੁਰ ਸਾਹਿਬ, ਮੋਰਿੰਡਾ, ਕੀਰਤਪੁਰ ਸਾਹਿਬ ਅਤੇ ਨੰਗਲ ਹਨ। ਚਮਕੌਰ ਸਾਹਿਬ ਤੋਂ ਇਲਾਵਾ ਸਾਰੇ ਸ਼ਹਿਰ ਰੇਲਵੇ ਲਾਈਨ ਦੇ ਨਾਲ ਪੈਂਦੇ ਹਨ। ਸਤਲੁਜ ਦਰਿਆ ਨੰਗਲ, ਰੂਪਨਗਰ ਅਤੇ ਸ਼੍ਰੀ ਅਨੰਦਪੁਰ ਸ਼ਹਿਰਾਂ ਦੇ ਨੇੜੇ (2 ਤੋਂ 5 ਕਿ.ਮੀ) ਤੋਂ ਲੰਘਦਾ ਹੈ।