ਜ਼ਿਲ੍ਹਾ ਹਸਪਤਾਲ ‘ਚ ਮਰੀਜ਼ ਨੂੰ ਸਟਰੋਕ ਉਪਰੰਤ ਅਧਰੰਗ ਹੋਣ ‘ਤੇ ਮੁਫਤ ਇੰਜੈਕਟੇਬਲ ਥੈਰੀਪੀ ਸ਼ੁਰੂ: ਸਿਵਲ ਸਰਜਨ

ਜ਼ਿਲ੍ਹਾ ਹਸਪਤਾਲ ‘ਚ ਮਰੀਜ਼ ਨੂੰ ਸਟਰੋਕ ਉਪਰੰਤ ਅਧਰੰਗ ਹੋਣ ‘ਤੇ ਮੁਫਤ ਇੰਜੈਕਟੇਬਲ ਥੈਰੀਪੀ ਸ਼ੁਰੂ: ਸਿਵਲ ਸਰਜਨ
ਮੈਡੀਕਲ ਸਪੈਸ਼ਲਿਸਟ ਡਾ. ਰਾਜੀਵ ਅਗਰਵਾਲ ਨੇ ਐਮਰਜੈਂਸੀ ਮੈਡੀਕਲ ਅਫਸਰਾਂ ਸਮੇਤ ਸਟਾਫ ਨਰਸਾਂ ਨੂੰ ਤਕਨੀਕੀ ਟ੍ਰੇਨਿੰਗ ਦਿੱਤੀ
ਰੂਪਨਗਰ, 22 ਜੁਲਾਈ: ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਲੋਕਾਂ ਵਿਚ ਵੱਧ ਰਹੀ ਅਧਰੰਗ ਦੀ ਬਿਮਾਰੀ ਦੀ ਸ਼ਿਕਾਇਤ ਨੂੰ ਧਿਆਨ ਵਿਚ ਰੱਖਦੇ ਹੋਏ ਮੁਫਤ ਇੰਜੈਕਟੇਬਲ ਥੈਰੀਪੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਪ੍ਰਭਾਵਿਤ ਮਰੀਜ਼ ਨੂੰ ਫੌਰੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ ਅਤੇ ਅਧਰੰਗ ਦੇ ਪ੍ਰਭਾਵ ਨੂੰ ਠੀਕ ਕੀਤਾ ਜਾ ਸਕੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਅਧਰੰਗ ਦੀ ਬਿਮਾਰੀ ਦੇ ਵਧਦੇ ਹੋਏ ਮਰੀਜ਼ਾਂ ਅਤੇ ਇਸ ਦੇ ਸ਼ਰੀਰ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਜ਼ਿਲ੍ਹਾ ਹਸਪਤਾਲ ਵਿਚ ਅੱਜ ਡਾ. ਰਾਜੀਵ ਅਗਰਵਾਲ ਮੈਡੀਕਲ ਸਪੈਸ਼ਲਿਸਟ ਵਲੋਂ ਟ੍ਰੇਨਿੰਗ ਸੈਂਟਰ ਵਿਖੇ ਐਮਰਜੈਂਸੀ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਨੂੰ ਤਕਨੀਕੀ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਇਹ ਸੇਵਾ ਹੁਣ ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ ਵਿਖੇ ਪੂਰਨ ਤੌਰ ਉਤੇ ਮੁਫਤ ਮਿਲੇਗੀ।
ਇਸ ਮੌਕੇ ਡਾ. ਰਾਜੀਵ ਅਗਰਵਾਲ ਨੇ ਗੱਲ ਕਰਦਿਆਂ ਦੱਸਿਆ ਕਿ ਕਿਸੇ ਮਰੀਜ਼ ਨੂੰ ਅਧਰੰਗ ਹੋਣ ਉਪਰੰਤ ਫੌਰੀ ਇਲਾਜ ਦੀ ਜ਼ਰੂਰਤ ਹੁੰਦੀ ਹੈ ਜਿਸ ਲਈ ਪ੍ਰਭਾਵਿਤ ਮਰੀਜ਼ ਨੂੰ ਸਿੱਧੇ ਹਸਪਤਾਲ ਲਿਆਉਣਾ ਚਾਹੀਦਾ ਹੈ ਤਾਂ ਜੋ ਸਮਾਂਬੱਧ ਸੀਮਾ ਵਿਚ ਮਰੀਜ਼ ਨੂੰ ਇੰਜੈਕਟੇਬਲ ਥੈਰੀਪੀ ਦਿੱਤੀ ਜਾ ਸਕੇ। ਉਨ੍ਹਾ ਕਿਹਾ ਕਿ ਜੇਕਰ ਇਹ ਥੈਰੀਪੀ ਸਮੇਂ ਉਤੇ ਮਰੀਜ਼ ਨੂੰ ਮੁਹੱਈਆ ਕਰਵਾ ਦਿੱਤੀ ਜਾਵੇ ਤਾਂ ਨਾਜ਼ੁਕ ਹਲਾਤਾਂ ਵਿਚ ਮਰੀਜ਼ ਦੇ ਠੀਕ ਹੋਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਜਿਸ ਉਪਰੰਤ ਮਰੀਜ਼ ਪਹਿਲਾਂ ਦੀ ਤਰ੍ਹਾਂ ਬਿਲਕੁਲ ਠੀਕ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਟਰੋਕ ਜਿਸ ਨੂੰ ਆਮ ਭਾਸ਼ਾ ਵਿਚ ਅਧਰੰਗ ਵੀ ਕਿਹਾ ਜਾਂਦਾ ਹੈ, ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਇਸ ਨਾਲ ਮਰੀਜ਼ ਨੂੰ ਸਰੀਰ ਦੇ ਕਿਸੇ ਅੰਗ ਦੀ ਅਪਾਹਜਪੁਣਾ ਅਤੇ ਕਈ ਮਾਮਲਿਆਂ ਵਿਚ ਬਿਮਾਰੀ ਦੀ ਗੰਭੀਰਤਾ ਕਰਕੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਸ਼ੁਰੂ ਕਰਨਾ ਜ਼ਰੂਰੀ ਹੈ।
ਡਾ. ਰਾਜੀਵ ਅਗਰਵਾਲ ਨੇ ਦੱਸਿਆ ਕਿ ਅਧਰੰਗ, ਦਿਮਾਗ ਦੀਆਂ ਕੋਸ਼ਿਕਾਵਾਂ ਵਿਚ ਖੂਨ ਦਾ ਸਹੀ ਮਾਤਰਾ ਵਿਚ ਸੰਚਾਰ ਨਾ ਹੋਣ ਕਾਰਨ ਹੁੰਦਾ ਹੈ ਜਦੋਂ ਇਨ੍ਹਾਂ ਕੋਸ਼ਿਕਾਵਾਂ ਨੂੰ ਪੂਰੀ ਤੇ ਲੋੜੀਂਦੀ ਮਿਕਦਾਰ ਵਿਚ ਆਕਸੀਜਨ ਅਤੇ ਖੁਰਾਕ ਮਿਲਣੀ ਬੰਦ ਹੋ ਜਾਂਦਾ ਹੈ ਤਾਂ ਵਿਅਕਤੀ, ਅਧਰੰਗ ਦਾ ਸ਼ਿਕਾਰ ਹੋ ਜਾਂਦਾ ਹੈ। ਜਿਸ ਲਈ ਪੰਜਾਬ ਸਰਕਾਰ ਵੱਲੋਂ ਸਟਰੋਕ ਦੇ ਮਰੀਜ਼ਾਂ ਦਾ ਮੁਫਤ ਇਲਾਜ ਕਰਨ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ।