ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨੇ ਅਦਾਲਤੀ ਮਾਮਲਿਆਂ ਦਾ ਨਿਪਟਾਰਾ ਕਰਨ ਲਈ 90 ਦਿਨਾਂ ਦੀ ‘ਵਿਚੋਲਗੀ’ ਮੁਹਿੰਮ ਸ਼ੁਰੂ ਕੀਤੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨੇ ਅਦਾਲਤੀ ਮਾਮਲਿਆਂ ਦਾ ਨਿਪਟਾਰਾ ਕਰਨ ਲਈ 90 ਦਿਨਾਂ ਦੀ ‘ਵਿਚੋਲਗੀ’ ਮੁਹਿੰਮ ਸ਼ੁਰੂ ਕੀਤੀ
ਸਮਝੌਤੇ ਯੋਗ ਝਗੜਿਆਂ ਦੇ ਨਿਪਟਾਰੇ ਲਈ 30 ਸਤੰਬਰ 2025 ਤੱਕ ਚੱਲੇਗੀ “ਵਿਚੋਲਗੀ” ਮੁਹਿੰਮ
ਰੂਪਨਗਰ, 17 ਜੁਲਾਈ: ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਐਸ.ਏ.ਐਸ ਨਗਰ ਦੀਆਂ ਹਦਾਇਤਾਂ ਅਤੇ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀ ਸ਼ਾਮ ਲਾਲਾ ਦੀ ਰਹਿਨੁਮਾਈ ਹੇਠ ਅਦਾਲਤਾਂ ਵਿਚ ਵੱਧ ਰਹੇ ਸਮਝੌਤੇ ਯੋਗ ਝਗੜਿਆਂ ਦੇ ਨਿਪਟਾਰੇ ਲਈ ਵਿਚੋਲਗੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਕਿ 30 ਸਤੰਬਰ 2025 ਤੱਕ ਚਲੇਗੀ।
ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨੇ ਵਿਚੋਲਗੀ ਅਤੇ ਸੁਲ੍ਹਾ ਪ੍ਰੋਜੈਕਟ ਕਮੇਟੀ ਦੇ ਤਾਲਮੇਲ ਨਾਲ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਆਦੇਸ਼ਾਂ ਹੇਠ, ਇਹ ਵਿਸ਼ੇਸ਼ 90 ਦਿਨਾਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਤਾਲੁਕਾ ਅਦਾਲਤਾਂ ਅਤੇ ਜ਼ਿਲ੍ਹਾ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਨੂੰ ਵਿਚੋਲਗੀ ਰਾਹੀਂ ਹੱਲ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਵਿਆਹੁਤਾ ਝਗੜੇ, ਦੁਰਘਟਨਾ ਦੇ ਦਾਅਵੇ, ਘਰੇਲੂ ਹਿੰਸਾ, ਚੈੱਕ ਬਾਊਂਸ, ਵਪਾਰਕ ਝਗੜੇ, ਸੇਵਾ ਮਾਮਲੇ, ਅਪਰਾਧਿਕ ਮਿਸ਼ਰਿਤ-ਯੋਗ ਕੇਸ, ਖਪਤਕਾਰ ਝਗੜੇ, ਕਰਜ਼ੇ ਦੀ ਵਸੂਲੀ, ਵੰਡ, ਬੇਦਖਲੀ, ਜ਼ਮੀਨ ਪ੍ਰਾਪਤੀ ਅਤੇ ਹੋਰ ਸਿਵਲ ਕੇਸਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਵਿਚੋਲਗੀ ਅਧੀਨ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਹੱਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਸੀ.ਜੀ.ਐਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਕੇਸ ਲੰਬਿਤ ਹਨ, ਉਹ ਆਪਸੀ ਸਹਿਮਤੀ ਨਾਲ ਇਸ ਵਿਸ਼ੇਸ਼ ਮੁਹਿੰਮ ਵਿੱਚ ਸ਼ਾਮਲ ਹੋਣ।