ਬੰਦ ਕਰੋ

ਹੋਲਾ ਮਹੱਲਾ ਮੌਕੇ ਦਾਸਤਾਨ-ਏ-ਸ਼ਹਾਦਤ ਵਿਖੇ ਬੋਟਿੰਗ ਸ਼ੁਰੂ

ਪ੍ਰਕਾਸ਼ਨ ਦੀ ਮਿਤੀ : 03/03/2023
Boating started at Dastan-e-Shahadat on the occasion of Hola Mahalla

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਹੋਲਾ ਮਹੱਲਾ ਮੌਕੇ ਦਾਸਤਾਨ-ਏ-ਸ਼ਹਾਦਤ ਵਿਖੇ ਬੋਟਿੰਗ ਸ਼ੁਰੂ

•ਪੰਜਾਬ ਵਾਟਰ ਟੂਰਜ਼ਿਮ ਤੇ ਅਡਵੈਂਚਰ ਪਾਲਿਸੀ-2023 ਦੁਆਰਾ ਰੂਪਨਗਰ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ: ਡਿਪਟੀ ਕਮਿਸ਼ਨਰ

•ਬੋਟਿੰਗ ਦੌਰਾਨ ਸੁਰੱਖਿਆ ਲਈ ਐਨ.ਡੀ.ਆਰ.ਐਫ. ਦੀ ਤਾਇਨਾਤੀ ਕੀਤੀ ਗਈ

•ਬੋਟਿੰਗ ਦੀ ਬੁਕਿੰਗ ਕਰਵਾਉਣ ਲਈ 95011-14445 ‘ਤੇ ਸੰਪਰਕ ਕੀਤਾ ਜਾ ਸਕਦਾ

ਸ਼੍ਰੀ ਚਮਕੌਰ ਸਾਹਿਬ, 3 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਹੋਲਾ ਮਹੱਲਾ-2023 ਦੌਰਾਨ ਪਹੁੰਚ ਰਹੇ ਸ਼ਰਧਾਲੂਆਂ ਦੇ ਮਨੋਰੰਜਨ ਲਈ ਪਹਿਲੀ ਵਾਰ ਸਰਹੰਦ ਨਹਿਰ ਵਿੱਚ ਦਾਸਤਾਨ-ਏ-ਸ਼ਹਾਦਤ, ਸ਼੍ਰੀ ਚਮਕੌਰ ਸਾਹਿਬ ਤੋਂ ਬੋਟਿੰਗ ਦੀ ਸ਼ੁਰੂਆਤ ਕਰਵਾਈ ਗਈ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਾਟਰ ਟੂਰਜ਼ਿਮ ਨੂੰ ਉਤਸ਼ਾਹਿਤ ਕਰਨ ਲਈ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸਰਹਿੰਦ ਨਹਿਰ ਵਿਖੇ ਵਿਸ਼ੇਸ਼ ਤੌਰ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਸ਼ਰਧਾਲੂਆਂ ਲਈ ਬੋਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕੇਵਲ ਇੱਕ ਹਫਤੇ ਲਈ ਹੀ ਇਹ ਬੋਟਿੰਗ ਦੀ ਸੁਵਿਧਾ ਆਮ ਲੋਕਾਂ ਲਈ ਸ਼ੁਰੂ ਕੀਤੀ ਗਈ ਹੈ ਪਰ ਜਲਦ ਹੀ ਪੱਕੇ ਤੌਰ ਉੱਤੇ ਰੂਪਨਗਰ ਵਿਖੇ ਬੋਟਿੰਗ ਕਰਵਾਈ ਜਾਵੇਗੀ।

Hola Mohall Boating

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇੰਨਵੈਸਟ ਪੰਜਾਬ ਵਿੱਖੇ ਪੰਜਾਬ ਵਾਟਰ ਟੂਰਜ਼ਿਮ ਪਾਲਿਸੀ-2023 ਤੇ ਪੰਜਾਬ ਅਡਵੈਂਚਰ ਟੂਰਜ਼ਿਮ ਪਾਲਿਸੀ-2023 ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੀ ਕੁਦਰਤੀ ਨਜ਼ਾਰਿਆਂ ਵਾਲੀ ਖੂਬਸੂਰਤ ਧਰਤੀ ਨਾਲ ਸੈਲਾਨੀਆਂ ਨੂੰ ਰੂ-ਬ-ਰੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਚ ਸੈਰ-ਸਪਾਟੇ ਦਾ ਸੁਨਿਹਰੀ ਭਵਿੱਖ ਹੈ ਅਤੇ ਜਿੱਥੇ ਇਹ ਧਰਤੀ ਖਾਲਸਾ ਪੰਥ ਦੀ ਸਥਾਪਨਾ ਨਾਲ ਜੁੜੀ ਹੈ ਉੱਥੇ ਹੀ ਹੜੱਪਾ ਸੰਸਕ੍ਰਿਤੀ ਨਾਲ ਵੀ ਸਬੰਧਿਤ ਹੈ।

ਸੈਰ-ਸਪਾਟੇ ਵਿਚ ਜ਼ਿਲ੍ਹਾ ਰੂਪਨਗਰ ਦੀਆਂ ਹੋਰ ਖੂਬੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਜਾਣ ਵਾਲੇ ਭਾਰਤ ਅਤੇ ਵਿਦੇਸ਼ੀ ਸੈਲਾਨੀ ਇਸ ਜ਼ਿਲ੍ਹੇ ਤੋਂ ਗੁਜ਼ਰ ਕੇ ਜਾਂਦੇ ਹਨ, ਜਿਸ ਲਈ ਵਾਟਰ ਟੂਰਜ਼ਿਮ ਅਤੇ ਅਡਵੈਂਚਰ ਟੂਰਜ਼ਿਮ ਨੂੰ ਵਿਕਸਿਤ ਕਰਕੇ ਇੱਥੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਦਰਤੀ ਨਜ਼ਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਤਰ ਭਾਰਤ ਵਿਚ ਜ਼ਿਲ੍ਹਾ ਰੂਪਨਗਰ ਦਾ ਕਿਤੇ ਵੀ ਮੁਕਾਬਲਾ ਨਹੀਂ ਕੀਤਾ ਜਾ ਸਕਦਾ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਐਨ.ਡੀ.ਆਰ.ਐਫ ਦੇ ਸਹਿਯੋਗ ਨਾਲ ਹੋਲੇ ਮਹੱਲੇ ਦੇ ਮੌਕੇ ਇਹ ਬੋਟਿੰਗ ਸੰਭਵ ਹੋ ਸਕੀ ਹੈ ਅਤੇ ਇਸ ਦੀ ਟਿਕਟ ਵੀ ਬਹੁਤ ਘੱਟ ਕੀਮਤ ਤੈਅ ਕੀਤੀ ਗਈ ਹੈ। ਦਾਸਤਾਨ-ਏ-ਸ਼ਹਾਦਤ ਤੋਂ ਭੋਜੇ ਮਾਜਰੇ ਤੱਕ ਦੀ ਇੱਕ ਸਾਈਡ ਲਈ 100 ਰੁਪਏ ਤੇ ਡਬਲ ਸਾਈਡ ਲਈ 200 ਰੁਪਏ ਹੈ।

ਉਨ੍ਹਾਂ ਦੱਸਿਆ ਕਿ ਹੌਲਾ ਮਹੱਲਾ-2023 ਦੌਰਾਨ ਸਰਹੰਦ ਕੈਨਾਲ ਭੋਜੇ ਮਾਜਰਾ ਪੁਲ ਤੋਂ ਲੈ ਕੇ ਦਾਸਤਾਨ ਏ ਸ਼ਹਾਦਤ, ਸ਼੍ਰੀ ਚਮਕੌਰ ਸਾਹਿਬ ਤੱਕ 3 ਮਾਰਚ 2023 ਤੋਂ 8 ਮਾਰਚ 2023 ਤੱਕ ਆਮ ਜਨਤਾ ਲਈ ਮਨੋਰੰਜਨ ਹਿੱਤ ਬੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਬੋਟਿੰਗ ਦੀ ਬੁਕਿੰਗ ਕਰਵਾਉਣ ਲਈ 95011-14445 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਐਨ.ਡੀ.ਆਰ.ਐੱਫ ਦੀ ਟੀਮ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇਗੀ।

ਇਸ ਮੌਕੇ ਮੁੱਖ ਮੰਤਰੀ ਫੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ, ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ, ਐਨ.ਡੀ.ਆਰ.ਐਫ ਇੰਸਪੈਕਟਰ ਸ. ਬਲਜੀਤ ਸਿੰਘ, ਐਕਸੀਅਨ ਸ. ਐਸ.ਐਸ. ਭੁੱਲਰ, ਐਨ.ਡੀ.ਆਰ.ਐਫ ਹੌਲਦਾਰ ਸੁਦੇਸ਼ ਕੁਮਾਰ, ਸੰਜੀਵ ਕੁਮਾਰ ਤੇ ਮੁਹੰਮਦ ਜ਼ੈਦ ਤੇ ਉੱਚ ਅਧਿਕਾਰੀ ਹਾਜ਼ਰ ਸਨ।