• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਹੈਲਪਲਾਈਨ 1076 ‘ਤੇ ਜ਼ਿਲ੍ਹੇ ਦੇ 1827 ਨਾਗਰਿਕਾਂ ਨੇ ਘਰ ਬੈਠੇ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ ਲਿਆ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 09/09/2025
1827 citizens of the district availed administrative services from home on helpline 1076 - Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਹੈਲਪਲਾਈਨ 1076 ‘ਤੇ ਜ਼ਿਲ੍ਹੇ ਦੇ 1827 ਨਾਗਰਿਕਾਂ ਨੇ ਘਰ ਬੈਠੇ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ ਲਿਆ – ਡਿਪਟੀ ਕਮਿਸ਼ਨਰ

ਲੋਕਾਂ ਦੇ ਘਰਾਂ ਤੱਕ ਪ੍ਰਸ਼ਾਸਨਿਕ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਲਾਹੇਵੰਦ ਸਾਬਤ ਹੋ ਰਿਹਾ ਹੈ ਹੈਲਪਲਾਈਨ ਨੰਬਰ 1076

ਰੂਪਨਗਰ, 09 ਸਤੰਬਰ: ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰ ਬੈਠੇ ਵੱਖ-ਵੱਖ ਪ੍ਰਸ਼ਾਸ਼ਨਿਕ ਸੇਵਾਵਾਂ ਦਾ ਲਾਭ ਦੇਣ ਲਈ ਚਲਾਈ ਜਾ ਰਹੀ 1076 ਹੈਲਪਲਾਈਨ ਸੇਵਾ, ਜ਼ਿਲ੍ਹੇ ਦੇ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਹੈਲਪਲਾਈਨ ਰਾਹੀਂ ਜਨਵਰੀ 2025 ਤੋਂ ਹੁਣ ਤੱਕ ਜ਼ਿਲ੍ਹੇ ਦੇ 1827 ਨਾਗਰਿਕਾਂ ਨੇ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਦਾ ਘਰ ਬੈਠੇ ਹੀ ਲਾਭ ਹਾਸਲ ਕੀਤਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਦਿੱਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਨਾਗਰਿਕ 1076 ‘ਤੇ ਫੋਨ ਕਰਕੇ 406 ਪ੍ਰਕਾਰ ਦੀਆਂ ਸੇਵਾਵਾਂ, ਜਿੰਨ੍ਹਾਂ ਵਿਚ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਜਨਮ ਜਾਂ ਮੌਤ ਸਰਟੀਫਿਕੇਟ, ਲੇਬਰ ਕਾਰਡ, ਟਰਾਂਸਪੋਰਟ ਵਿਭਾਗ ਆਦਿ ਵੀ ਸ਼ਾਮਿਲ ਹਨ, ਦਾ ਲਾਭ ਹਾਸਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਦਫਤਰਾਂ ਨਾਲ ਸਬੰਧਤ ਇਨ੍ਹਾਂ ਸਰਕਾਰੀ ਸੇਵਾਵਾਂ ਲਈ ਪ੍ਰਾਰਥੀ, ਸਰਕਾਰੀ ਨੁਮਾਇੰਦੇ ਨੂੰ ਆਪਣੇ ਘਰ ਬੁਲਾ ਸਕਦਾ ਹੈ ਭਾਵ ਇਨ੍ਹਾਂ 406 ਪ੍ਰਕਾਰ ਦੇ ਸਰਕਾਰੀ ਕੰਮਾਂ ਲਈ ਕਿਸੇ ਵੀ ਦਫ਼ਤਰ ਜਾਣ ਦੀ ਜਰੂਰਤ ਨਹੀਂ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ 1076 ਹੈਲਪ ਲਾਇਨ ਨੰਬਰ ਰਾਹੀਂ ਗ੍ਰਹਿ ਤੇ ਨਿਆਂ ਵਿਭਾਗ ਨਾਲ ਸਬੰਧਤ 46 ਸੇਵਾਵਾਂ, ਲੇਬਰ ਵਿਭਾਗ ਦੀਆਂ 45 ਸੇਵਾਵਾਂ, ਟਰਾਂਸਪੋਰਟ ਵਿਭਾਗ ਦੀਆਂ 39 ਸੇਵਾਵਾਂ, ਮਾਲ ਵਿਭਾਗ ਨਾਲ ਸਬੰਧਤ 48 ਸੇਵਾਵਾਂ, ਸਿਹਤ ਤੇ ਪਰਿਵਾਰ ਭਲਾਈ ਨਾਲ ਸਬੰਧਤ 37 ਸੇਵਾਵਾਂ, ਸਥਾਨਕ ਸਰਕਾਰਾਂ ਵਿਭਾਗ ਦੀਆਂ 12, ਸਮਾਜਿਕ ਸੁਰੱਖਿਆ ਵਿਭਾਗ ਦੀਆਂ 13 ਅਤੇ ਸਾਂਝ ਕੇਂਦਰ ਨਾਲ ਸਬੰਧਤ 17 ਸੇਵਾਵਾਂ ਮੁਹੱਈਆ ਕਰਵਾਉਣ ਲਈ ਪ੍ਰਤੀਨਿਧੀ ਨਿਯੁਕਤ ਕੀਤੇ ਗਏ ਹਨ ਜੋ ਕਿ ਤੈਅ ਸਮੇਂ ਅੰਦਰ ਬਿਨੈਕਾਰਾਂ ਦੇ ਘਰ ਜਾ ਕੇ ਸੇਵਾ ਪ੍ਰਦਾਨ ਕਰਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1076 ਹੈਲਪ ਲਾਈਨ ਰਾਹੀਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ 206, ਪੁਲਿਸ ਵਿਭਾਗ ਦੀਆਂ 292, ਪ੍ਰਸੋਨਲ ਵਿਭਾਗ ਦੀਆਂ 109, ਮਾਲ ਵਿਭਾਗ ਨਾਲ ਸਬੰਧਤ 107, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ 15, ਸਮਾਜਿਕ ਨਿਆ ਤੇ ਘੱਟ ਗਿਣਤੀਆਂ ਨਾਲ ਸੰਬੰਧਿਤ ਵਿਭਾਗ ਦੀਆਂ 237, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਸੰਬੰਧਿਤ 200, ਲੇਬਰ ਵਿਭਾਗ ਨਾਲ ਸਬੰਧਤ 56 ਅਤੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ 28 ਸੇਵਾਵਾਂ ਹਾਸਿਲ ਕਰਨ ਲਈ ਨਾਗਰਿਕਾਂ ਵੱਲੋਂ 1076 ਹੈਲਪਲਾਈਨ ਨੰਬਰ ਉੱਤੇ ਸੰਪਰਕ ਕੀਤਾ ਗਿਆ।

ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਸੁਵਿਧਾ ਨਾਲ ਆਮ ਲੋਕਾਂ ਦੇ ਦਫ਼ਤਰਾਂ ਵਿੱਚ ਆਉਣ-ਜਾਣ ਨਾਲ ਉਨ੍ਹਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਕੰਮ ਕਾਰ ਕਰਵਾਉਣ ਲਈ ਆਪਣੇ ਸਾਰੇ ਰੁਝੇਵੇਂ ਛੱਡ ਕੇ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਸਨ, ਇਸ ਨਾਲ ਜਿਥੇ ਲੋਕਾਂ ਦਾ ਸਮਾਂ ਖਰਾਬ ਹੁੰਦਾ ਸੀ ਉਥੇ ਹੀ ਇਸ ਨਾਲ ਭ੍ਰਿਸ਼ਟਾਚਾਰ ਦਾ ਖਦਸ਼ਾ ਵੀ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਇਸ ਸੇਵਾ ਤਹਿਤ ਸਰਕਾਰੀ ਨੁਮਾਇੰਦਾ ਨਾਗਰਿਕ ਦੇ ਘਰ ਆ ਕੇ ਉਸ ਦੀ ਅਰਜ਼ੀ ਲੈਂਦਾ ਹੈ, ਫੋਟੋ ਤੇ ਹੋਰ ਦਸਤਾਵੇਜ਼ ਪ੍ਰਾਪਤ ਕਰਦਾ ਹੈ ਅਤੇ ਨਾਗਰਿਕ ਦਾ ਕੰਮ ਹੋਣ ਤੋਂ ਬਾਅਦ ਸਰਟੀਫਿਕੇਟ ਉਨ੍ਹਾਂ ਦੇ ਘਰ ਪਹੁੰਚਾਉਂਦਾ ਹੈ।