ਬੰਦ ਕਰੋ

ਹੁਣ ਮਿੰਨੀ ਸਕੱਤਰੇਤ ‘ਚ ਮਹਿਲਾ ਸ਼ਕਤੀ ਏਰੀਆ ਲੈਵਲ ਸੁਸਾਇਟੀ ਦੁਆਰਾ ਕੰਟੀਨ ‘ਚ ਬਣਾਇਆ ਜਾਵੇਗਾ ਭੋਜਨ

ਪ੍ਰਕਾਸ਼ਨ ਦੀ ਮਿਤੀ : 16/09/2022
Now food will be prepared in the canteen by the Mahila Shakti Area Level Society in the Mini Secretariat

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਹੁਣ ਮਿੰਨੀ ਸਕੱਤਰੇਤ ‘ਚ ਮਹਿਲਾ ਸ਼ਕਤੀ ਏਰੀਆ ਲੈਵਲ ਸੁਸਾਇਟੀ ਦੁਆਰਾ ਕੰਟੀਨ ‘ਚ ਬਣਾਇਆ ਜਾਵੇਗਾ ਭੋਜਨ

·ਕੰਟੀਨ ਦਾ ਸੰਚਾਲਨ ਜ਼ਿਲ੍ਹੇ ਦੇ ਵੱਖ-ਵੱਖ ਸੈਲਫ ਹੈਲਪ ਗਰੁੱਪ ਚਲਾ ਰਹੀਆਂ ਔਰਤਾਂ ਵਲੋਂ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ

ਰੂਪਨਗਰ, 16 ਸਤੰਬਰ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਅੱਜ ਮਿੰਨੀ ਸਕੱਤਰੇਤ ਵਿਖੇ ਮਹਿਲਾ ਸ਼ਕਤੀ ਏਰੀਆ ਲੈਵਲ ਸੁਸਾਇਟੀ ਦੁਆਰਾ ਸੰਚਾਲਿਤ ਡੇ-ਐਨ.ਯੂ.ਐਲ.ਐਮ ਸਕੀਮ ਅਧੀਨ ਕੰਟੀਨ ਦਾ ਉਦਘਾਟਨ ਕੀਤਾ ਜਿਸ ਦਾ ਪ੍ਰਬੰਧਨ ਲੋੜਵੰਦ ਔਰਤਾਂ ਦੁਆਰਾ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਆਤਮ ਨਿਰਭਰ ਬਣਾਉਣ ਦੇ ਟੀਚੇ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਪਹਿਲੇ ਪੜਾਅ ਵਿੱਚ ਆਪਣੇ ਤਰ੍ਹਾਂ ਦੀ ਇਸ ਵੱਖਰੀ ਕੰਟੀਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਹੈ ਕਿ ਇਸ ਕੰਟੀਨ ਦੀ ਸਫਲਤਾ ਉਪਰੰਤ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਵਿੱਚ ਕੰਮ ਕਰ ਰਹੀਆਂ ਔਰਤਾਂ ਨੂੰ ਆਮਦਨ ਦੇ ਪੱਕੇ ਵਸੀਲੇ ਵਿਕਸਤ ਕਰਨ ਲਈ ਹੋਰ ਸੁਨਹਿਰੀ ਮੌਕੇ ਵੀ ਦਿੱਤੇ ਜਾਣਗੇ ਤਾਂ ਜੋ ਸਮਾਜ ਦੇ ਹਰ ਕਮਜ਼ੋਰ ਵਰਗ ਨੂੰ ਆਰਥਿਕ ਪੱਖੋਂ ਮਜਬੂਤ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪ ਲਾਈਫ ਸਟਾਇਲ ਫੂਡ ਕੰਟੀਨ ਦਾ ਸੰਚਾਲਨ ਪੂਰਨ ਰੂਪ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸੈਲਫ ਹੈਲਪ ਗਰੁੱਪ ਚਲਾ ਰਹੀਆਂ ਔਰਤਾਂ ਵਲੋਂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਕੰਟੀਨ ਨੂੰ ਸੈਲਫ ਹੈਲਪ ਗਰੁੱਪ ਨੂੰ ਦੇਣ ਦਾ ਮੁੱਖ ਮੰਤਵ ਲੋੜਵੰਦ ਔਰਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਅਤੇ ਵਿਸ਼ੇਸ਼ ਤੌਰ ਉੱਤੇ ਮਿੰਨੀ ਸਕੱਤਰੇਤ ਤੇ ਜ਼ਿਲ੍ਹਾ ਅਦਾਲਤ ਵਿਖੇ ਆਏ ਆਮ ਲੋਕਾਂ ਨੂੰ ਪੌਸ਼ਟਿਕ ਅਤੇ ਸਾਫ-ਸੁੱਥਰਾ ਭੋਜਨ ਦੇਣਾ ਹੈ।

ਉਨ੍ਹਾਂ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਵਲੋਂ ਇਸ ਕੰਟੀਨ ਦੇ ਸੰਚਾਲਨ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕੰਟੀਨ ਦੀ ਜਗ੍ਹਾ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਮੁਹੱਈਆ ਕਰਵਾਈ ਗਈ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸੈਲਫ ਹੈਲਪ ਗਰੁੱਪਾਂ ਵਲੋਂ ਬਹੁਤ ਹੀ ਮਿਆਰੀ ਪੱਧਰ ਦੀਆਂ ਖਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਆਚਾਰ ਅਤੇ ਮਿਠਾਈ ਆਦਿ ਅਤੇ ਹੱਥੀ ਬਣਨ ਵਾਲੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ ਪਰ ਵੇਚਣ ਲਈ ਕੋਈ ਯੋਗ ਥਾਂ ਨਾ ਹੋਣ ਕਾਰਨ ਇਨ੍ਹਾਂ ਦੀ ਵਿਕਰੀ ਵੱਡੇ ਪੱਧਰ ਉੱਤੇ ਨਹੀਂ ਹੋ ਪਾਉਂਦੀ। ਜਿਸ ਲਈ ਹੁਣ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪ ਆਪਣੇ ਵਲੋਂ ਬਣਾਈਆਂ ਗਈਆਂ ਵਸਤੂਆਂ ਨੂੰ ਵੀ ਇਸ ਕੰਟੀਨ ਦੁਆਰਾ ਵੇਚ ਸਕਦੇ ਹਨ।