ਸੜਕ ਹਾਦਸੇ ਉਪਰੰਤ ਭੱਜ ਜਾਣ ਵਾਲੇ ਮਾਮਲਿਆਂ ‘ਚ ਮ੍ਰਿਤਕ ਨੂੰ 2 ਲੱਖ ਅਤੇ ਫੱਟੜ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਂਦਾ: ਮੁੱਖ ਮੰਤਰੀ ਫੀਲਡ ਅਫਸਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸੜਕ ਹਾਦਸੇ ਉਪਰੰਤ ਭੱਜ ਜਾਣ ਵਾਲੇ ਮਾਮਲਿਆਂ ‘ਚ ਮ੍ਰਿਤਕ ਨੂੰ 2 ਲੱਖ ਅਤੇ ਫੱਟੜ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਂਦਾ: ਮੁੱਖ ਮੰਤਰੀ ਫੀਲਡ ਅਫਸਰ
ਰੂਪਨਗਰ, 12 ਅਗਸਤ: ਸੜਕ ਹਾਦਸੇ ਉਪਰੰਤ ਭੱਜ ਜਾਣ ਵਾਲੇ (ਹਿੱਟ ਐਂਡ ਰਨ) ਮਾਮਲਿਆਂ ਅਧੀਨ ਜਾਨਾਂ ਗਵਾ ਚੁੱਕਿਆਂ ਦੇ ਵਾਰਿਸਾਂ ਨੂੰ 2 ਲੱਖ ਰੁਪਏ ਅਤੇ ਫੱਟੜ ਹੋਏ ਪੀੜਤਾਂ ਨੂੰ 50 ਹਜ਼ਾਰ ਰੁਪਏ ਦੀ ਮਾਲੀ ਮੱਦਦ ਕੀਤੀ ਜਾਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਫੀਲਡ ਅਫਸਰ ਸੁਖਪਾਲ ਸਿੰਘ ਨੇ ਇੱਕ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਕੀਤਾ।
ਉਨ੍ਹਾਂ ਦੱਸਿਆ ਕਿ ਮੁਆਵਜ਼ਾ ਦੇਣ ਦੀ ਪ੍ਰਕ੍ਰਿਆ ਨੂੰ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਿਖੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਪੁਲਿਸ ਵਿਭਾਗ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਮੁੱਖ ਮੰਤਰੀ ਫੀਲਡ ਅਫਸਰ ਨੇ ਦੱਸਿਆ ਕਿ ਸੜਕ ਪਰੀਵਹਨ ਅਤੇ ਰਾਜ ਮਾਰਗ ਮੰਤਰਾਲਾ ਭਾਰਤ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਇਨ੍ਹਾਂ (ਹਿੱਟ ਐਂਡ ਰਨ) ਮਾਮਲਿਆਂ ਵਿੱਚ ਜਾਨਾਂ ਗਵਾ ਚੁੱਕੇ ਮ੍ਰਿਤਕਾਂ ਦੇ ਪਰੀਜਨਾਂ ਲਈ 2 ਲੱਖ ਅਤੇ ਗੰਭੀਰ ਸੱਟਾਂ ਲੱਗਣ ਵਾਲਿਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਨਿਸ਼ਚਿਤ ਸਮੇਂ (60 ਦਿਨਾਂ) ਵਿੱਚ ਦੇਣ ਦੀ ਤਜਵੀਜ਼ ਹੈ।
ਸੜਕ ਪਰੀਵਹਨ ਅਤੇ ਰਾਜ ਮਾਰਗ ਮੰਤਰਾਲਾ ਭਾਰਤ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਲੇਮ ਇੰਨਕੁਆਰੀ ਅਫਸਰ (ਰਾਜ ਸਰਕਾਰ ਵਲੋਂ ਮਨੋਨੀਤ) ਬਿਨੈਕਾਰ ਵਲੋਂ ਪ੍ਰਤੀ ਬੇਨਤੀ ਪ੍ਰਾਪਤ ਕਰਨ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਆਪਣਾ ਨਿਰਣਾ ਦੇਣਾ ਲਾਜ਼ਮੀ ਹੁੰਦਾ ਹੈ। ਇਸ ਪ੍ਰਕ੍ਰਿਆ ਦੇ ਉਪਰੰਤ ਕਲੇਮ ਸੈਟਲਮੈਂਟ ਅਫਸਰ 15 ਦਿਨਾਂ ਵਿੱਚ ਕਲੇਮ ਸੈਸ਼ਨ ਕਰਨ ਦੀ ਮੰਜ਼ੂਰੀ ਦੇ ਕੇ ਆਡਰਾਂ ਦੀ ਕਾਪੀ ਜਨਰਲ ਇੰਸ਼ੋਰੈਂਸ (ਜੀ. ਆਈ) ਕੌਂਸਲ ਨੂੰ ਭੇਜਦਾ ਹੈ ਅਤੇ ਇਸ ਦਾ ਉਤਾਰਾ ਸਬੰਧਤ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਅਤੇ ਟਰਾਂਸਪੋਰਟ ਕਮਿਸ਼ਨਰ ਨੂੰ ਭੇਜੇਗਾ। ਮੁਆਵਜ਼ਾ ਦੇਣ ਦੀ ਪ੍ਰਕ੍ਰਿਆ ਨੂੰ ਜੀ.ਆਈ ਕੌਂਸਲ ਵਲੋਂ 15 ਦਿਨਾਂ ਦੇ ਨਿਸ਼ਚਿਤ ਸਮੇਂ ਕਾਲ ਵਿੱਚ ਮੁਕੰਮਲ ਕੀਤਾ ਜਾਵੇਗਾ।