ਸੜਕ ਸੁਰੱਖਿਆ ਸਪਤਾਹ ਸਬੰਧੀ ਸਾਈਕਲ ਰੈਲੀ ਦਾ ਕੀਤਾ ਆਯੋਜਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸੜਕ ਸੁਰੱਖਿਆ ਸਪਤਾਹ ਸਬੰਧੀ ਸਾਈਕਲ ਰੈਲੀ ਦਾ ਕੀਤਾ ਆਯੋਜਨ
ਐਸ.ਡੀ.ਐਮ. ਹਰਬੰਸ ਸਿੰਘ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਰੂਪਨਗਰ, 21 ਮਈ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 15 ਮਈ ਤੋਂ 21 ਮਈ ਤੱਕ ਮਨਾਏ ਜਾ ਰਹੇ “ਸੜਕ ਸੁਰੱਖਿਆ ਸਪਤਾਹ” ਸਬੰਧੀ ਸਾਈਕਲ ਰੈਲੀ (ਮਹਾਰਾਜਾ ਰਣਜੀਤ ਸਿੰਘ ਪਾਰਕ ਤੋਂ ਆਈ.ਆਈ.ਟੀ ਤੱਕ) ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤਹਿਸੀਲਦਾਰ ਰੂਪਨਗਰ ਸ. ਜਸਪ੍ਰੀਤ ਸਿੰਘ ਅਤੇ ਡੀ.ਐਸ.ਪੀ. ਸ. ਤਰਲੋਚਨ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਨੇ ਦੱਸਿਆ ਕਿ ਸੜਕ ‘ਤੇ ਵਾਹਨ ਚਲਾਉਣ ਤੋਂ ਪਹਿਲਾਂ ਸਾਰੀਆਂ ਸੁਰੱਖਿਆ ਸਬੰਧੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਵਾਜਾਈ ਨਿਯਮਾਂ ਦੀ ਹਮੇਸ਼ਾਂ ਪਾਲਣਾ ਕਰਨੀ ਸਾਨੂੰ ਆਪਣੇ ਤੇ ਆਪਣੇ ਪਰਿਵਾਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪਰਿਵਾਰਕ ਮੈਂਬਰ ਸਾਡੀ ਹਮੇਸ਼ਾ ਘਰ ਦੇ ਵਿੱਚ ਇੰਤਜ਼ਾਰ ਕਰ ਰਹੇ ਹੁੰਦੇ ਹਨ।
ਸ. ਹਰਬੰਸ ਸਿੰਘ ਨੇ ਦੱਸਿਆ ਕਿ ਵਾਹਨ ਚਲਾਉਣ ਸਮੇਂ ਟਰੈਫਿਕ ਨਿਯਮਾ ਦੀ ਪਾਲਣਾ ਕਰਨਾ ਬੇਹੱਦ ਜਰੂਰੀ ਹੈ। ਚਾਰ ਪਹੀਆ ਵਾਹਨ ਚਲਾਉਣ ਸਮੇਂ ਸੀਟ ਬੈਲਟ ਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਜਰੂਰ ਪਹਿਨੀਆਂ ਜਾਵੇ। ਉਨ੍ਹਾਂ ਨੇ ਕਿਹਾ ਕਿ ਸਮੇਂ ਸਮੇਂ ਤੇ ਵਾਹਨਾਂ ਦੀ ਲਾਈਟ ਤੇ ਇੰਡੀਕੇਟਰ ਚੈਕ ਕੀਤੇ ਜਾਣ, ਰਾਤ ਸਮੇਂ ਡਿੱਪਰ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸੜਕਾਂ ਤੇ ਲੱਗੇ ਸਾਈਨ ਬੋਰਡ ਬਾਰੇ ਹਰ ਵਾਹਨ ਚਾਲਕ ਨੂੰ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਅਤੇ ਵਾਹਨ ਓਵਰ ਟੇਕ ਕਰਨ ਸਮੇਂ ਨਿਯਮਾਂ ਦਾ ਪਾਲਣ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਪਤਾਹ ਦੇ ਚੱਲਦਿਆਂ ਸਕੂਲਾਂ ਤੇ ਕਾਲਜਾਂ ਵਿੱਚ ਸੈਮੀਨਾਰ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਟਰੈਫਿਕ ਪੁਲਿਸ ਨੂੰ ਸਕੂਲਾਂ ਵਿੱਚ ਵਿਸ਼ੇਸ ਜਾਣਕਾਰੀ ਦੇਣ ਲਈ ਵੀ ਕਿਹਾ ਹੈ ਤਾਂ ਜੋਂ ਵਿਦਿਆਰਥੀਆਂ ਨੂੰ ਵੀ ਸੜਕੀ ਆਵਾਜਾਈ ਦੇ ਨਿਯਮਾ ਬਾਰੇ ਜਾਣਕਾਰੀ ਹੋਵੇ।
ਇਸ ਸਾਈਕਲ ਰੈਲੀ ਵਿੱਚ ਲੋਕ ਭਲਾਈ ਸੇਵਾ ਕਲੱਬ, ਨਹਿਰੂ ਯੁਵਾ ਕੇਂਦਰ ਰੋਪੜ, ਡੀਏਵੀ ਸਕੂਲ, ਸਰਕਾਰੀ ਕਾਲਜ ਰੋਪੜ, ਰੂਪਨਗਰ ਸਾਈਕਲਿਸਟ ਐਂਡ ਪੈਡਲਰਜ਼ ਐਸੋਸੀਏਸ਼ਨ ਅਤੇ ਖੇਡ ਵਿਭਾਗ ਦੇ ਖਿਡਾਰੀਆਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਪੰਕਜ ਯਾਦਵ, ਸਾਈਕਲ ਐਸੋਸੀਏਸ਼ਨ ਤੋਂ ਸ਼੍ਰੀ ਸ਼ਿਵ ਕੁਮਾਰ ਸੈਣੀ, ਸਰਕਾਰੀ ਕਾਲਜ ਤੋਂ ਪ੍ਰੋ.ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਸਿੰਘ, ਸ਼੍ਰੀਮਤੀ ਰਵਨੀਤ ਕੌਰ, ਲੋਕ ਭਲਾਈ ਸੇਵਾ ਕਲੱਬ ਤੋਂ ਸ਼੍ਰੀ ਯੋਗੇਸ਼ ਕੱਕੜ, ਕ੍ਰਾਂਤੀ ਕਲਾ ਮੰਚ ਤੋਂ ਸ.ਅਰਵਿੰਦਰ ਸਿੰਘ ਰਾਜੂ ਅਤੇ ਵੱਖ- ਵੱਖ ਸਕੂਲਾਂ ਕਾਲਜਾਂ ਤੋਂ ਵਿਦਿਆਰਥੀ ਹਾਜ਼ਰ ਸਨ।