ਸਿਹਤ ਵਿਭਾਗ ਵੱਲੋਂ “ਵਿਸ਼ਵ ਗਲੂਕੋਮਾ ਹਫ਼ਤੇ” ਸੰਬੰਧੀ “ਭਵਿੱਖ ਨੂੰ ਸਾਫ਼ ਸਾਫ਼ ਦੇਖੋ” ਵਿਸ਼ੇ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ

ਸਿਹਤ ਵਿਭਾਗ ਵੱਲੋਂ “ਵਿਸ਼ਵ ਗਲੂਕੋਮਾ ਹਫ਼ਤੇ” ਸੰਬੰਧੀ “ਭਵਿੱਖ ਨੂੰ ਸਾਫ਼ ਸਾਫ਼ ਦੇਖੋ” ਵਿਸ਼ੇ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ
ਰੂਪਨਗਰ 13 ਮਾਰਚ 2025 ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ “ਭਵਿੱਖ ਨੂੰ ਸਾਫ਼ ਸਾਫ਼ ਦੇਖੋ” ਵਿਸ਼ੇ ਤਹਿਤ ਵਿਸ਼ਵ ਗਲੂਕੋਮਾ (ਕਾਲਾ ਮੋਤੀਆ) ਹਫਤਾ 09 ਮਾਰਚ ਤੋਂ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ।
ਕਾਲੇ ਮੋਤੀਏ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਗਲੂਕੋਮਾ ਭਾਰਤ ਵਿੱਚ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿਚੋਂ ਇੱਕ ਅਹਿਮ ਕਾਰਨ ਹੈ। ਭਾਰਤ ਵਿੱਚ ਕੁੱਲ ਨੇਤਰਹੀਣਾਂ ਵਿਚੋਂ 12 ਫੀਸਦੀ ਲੋਕ ਕਾਲੇ ਮੋਤੀਏ ਕਾਰਣ ਅੰਨੇਪਨ ਦੇ ਸ਼ਿਕਾਰ ਹਨ। ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ ਵਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਆਦਿ ਲੱਛਣ ਗਲੂਕੋਮਾ ਦੇ ਹਨ। ਉਨ੍ਹਾਂ ਕਿਹਾ ਕਿ 40 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਸਾਲ ਵਿੱਚ ਇਕ ਵਾਰ ਆਪਣੀਆਂ ਅੱਖਾਂ ਦਾ ਚੈਕਅੱਪ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਬੀਮਾਰੀ ਨੂੰ ਪਹਿਚਾਣ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ। ਗਲੂਕੋਮਾ ਪ੍ਰਤੀ ਜਾਗਰੂਕਤਾ ਹੀ ਇਸ ਬਿਮਾਰੀ ਦਾ ਹਲ ਹੈ। ਉਹਨਾਂ ਦੱਸਿਆ ਕਿ ਇਸ ਅਧੀਨ ਸਾਰੇ ਜਿਲੇ ਦੀਆਂ ਸਿਹਤ ਸੰਸਥਾ ਵਿੱਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਡਾਕਟਰ ਗਿਰਾ (ਅੱਖਾਂ ਦੇ ਮਾਹਿਰ)ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਕਾਲੇ ਮੋਤੀਏ ਨਾਲ ਗ੍ਰਸਤ ਮਰੀਜ਼ਾਂ ਦਾ ਮੁਫ਼ਤ ਚੈਕ ਅਪ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਗਲੂਕੋਮਾ (ਕਾਲੇ ਮੋਤੀਏ) ਬਾਰੇ ਸਮੇਂ ਸਿਰ ਪਤਾ ਚੱਲ ਜਾਵੇ ਤਾਂ ਇਸ ਦਾ ਇਲਾਜ਼ ਹੋ ਸਕਦਾ ਹੈ ਅਤੇ ਅੱਗੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਕਰਕੇ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਨੇੜੇ ਦੇ ਹਸਪਤਾਲ ਵਿੱਚ ਜਰੂਰ ਕਰਵਾਓ। ਇਸ ਮੌਕੇ ਸਟਾਫ ਅਤੇ ਪਤਵੰਤ ਸੱਜਣ ਹਾਜ਼ਰ ਸਨ।