ਸਿਹਤ ਵਿਭਾਗ ਵੱਲੋਂ ਆਯੋਜਿਤ ਵਿਸ਼ਵ ਟੀਕਾਕਰਨ ਹਫਤੇ ਦੌਰਾਨ 516 ਬੱਚਿਆਂ ਅਤੇ 87 ਗਰਭਵਤੀ ਔਰਤਾਂ ਨੇ ਲਿਆ ਲਾਭ – ਡਾ. ਨਵਰੂਪ ਕੌਰ

ਸਿਹਤ ਵਿਭਾਗ ਵੱਲੋਂ ਆਯੋਜਿਤ ਵਿਸ਼ਵ ਟੀਕਾਕਰਨ ਹਫਤੇ ਦੌਰਾਨ 516 ਬੱਚਿਆਂ ਅਤੇ 87 ਗਰਭਵਤੀ ਔਰਤਾਂ ਨੇ ਲਿਆ ਲਾਭ – ਡਾ. ਨਵਰੂਪ ਕੌਰ
ਰੂਪਨਗਰ, 01 ਮਈ: ਸਿਹਤ ਵਿਭਾਗ ਰੂਪਨਗਰ ਵੱਲੋਂ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਦੀ ਦੇਖ-ਰੇਖ ਵਿੱਚ 24 ਅਪ੍ਰੈਲ ਤੋਂ 30 ਅਪ੍ਰੈਲ 2025 ਤੱਕ “ਵਿਸ਼ਵ ਟੀਕਾਕਰਨ ਹਫਤਾ” ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਵਰੂਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਵਚਨਬੱਧ ਤੇ ਨਿਰੰਤਰ ਯਤਨਸ਼ੀਲ ਹੈ ਅਤੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਨਵਰੂਪ ਕੌਰ ਨੇ ਦੱਸਿਆ ਕਿ ਇਸ ਪੂਰੀ ਮੁਹਿੰਮ ਦੌਰਾਨ 516 ਬੱਚਿਆਂ ਦਾ ਟੀਕਾਕਰਨ ਅਤੇ 87 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਫਤੇ ਦੌਰਾਨ ਸਿਹਤ ਵਿਭਾਗ ਵੱਲੋਂ ਅਰਬਨ ਏਰੀਏ, ਮਾਈਗ੍ਰੇਟਰੀ ਖੇਤਰਾਂ, ਝੁੱਗੀ ਝੋਪੜੀਆਂ ਇਲਾਕਿਆਂ ਵਿੱਚ ਟੀਕਾਕਰਨ ਦੇ ਕਵਰੇਜ ਨੂੰ ਵਧਾਉਣ ਲਈ ਵਿਸ਼ੇਸ਼ ਕੈਂਪ ਲਗਾਏ ਅਤੇ ਸਾਲ 2026 ਦੇ ਅੰਤ ਤੱਕ ਮੀਜ਼ਰ ਰੁਬੇਲਾ ਦੇ ਮੁਕੰਮਲ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਐਮ.ਆਰ 1 ਅਤੇ ਐਮ.ਆਰ 2 ਦੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੀਜ਼ਲ ਤੇ ਰੁਬੇਲਾ ਦੇ ਮੁਕੰਮਲ ਖਾਤਮੇ ਲਈ 95 ਫੀਸਦੀ ਜਾਂ ਇਸ ਤੋਂ ਵੱਧ ਦੇ ਟੀਚੇ ਨੂੰ ਹਾਸਲ ਕਰਨ ਲਈ ਐਮ.ਆਰ 1 ਅਤੇ ਐਮ.ਆਰ 2 ਡੋਜਾਂ ਤੋਂ ਵਾਂਝੇ ਬੱਚਿਆਂ ਦੀ ਪਛਾਣ ਕਰਕੇ ਉਹਨਾਂ ਦਾ ਲਾਜ਼ਮੀ ਤੌਰ ਤੇ ਟੀਕਾਕਰਨ ਯਕੀਨੀ ਬਣਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਨਿਯਮਿਤ ਟੀਕਾਕਰਨ ਕਰਵਾਉਣ ਤੋਂ ਕਿਸੇ ਕਾਰਣ ਵਾਂਝੇ ਰਹਿ ਗਏ ਨਵ-ਜਨਮੇ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦਾ ਮੰਤਵ 100 ਫੀਸਦੀ ਰੁਟੀਨ ਟੀਕਾਕਰਨ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਲੱਖਾਂ ਬੱਚਿਆਂ ਦੀਆਂ ਕਈ ਗੰਭੀਰ ਬਿਮਾਰੀਆਂ ਦੇ ਕਾਰਨ ਮੌਤ ਹੋ ਜਾਂਦੀ ਹੈ, ਜਿਨ੍ਹਾਂ ਨੂੰ ਉਪਲਬਧ ਟੀਕਿਆਂ ਨਾਲ ਰੋਕਿਆ ਜਾ ਸਕਦਾ ਹੈ। ਜਿਹੜੇ ਬੱਚੇ ਸੰਪੂਰਨ ਟੀਕਾਕ੍ਰਿਤ ਹਨ, ਉਨ੍ਹਾਂ ਦੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਜਾਂਦੀ ਹੈ ਅਤੇ ਉਹ ਖਤਰਨਾਕ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੇ ਹਨ। ਉਨ੍ਹਾਂ ਕਿਹਾ ਹਰੇਕ ਬੱਚੇ ਨੂੰ ਅਤੇ ਗਰਭਵਤੀ ਔਰਤ ਨੂੰ ਟੀਕਾਕ੍ਰਿਤ ਹੋਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਟੀਕਾਕਰਣ ਵਿਭਿੰਨ ਗੰਭੀਰ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।