ਬੰਦ ਕਰੋ

ਸਿਹਤ ਵਿਭਾਗ ਰੂਪਨਗਰ ਵੱਲੋਂ ਮਨਾਏ ਜਾ ਰਹੇ ਸੀ.ਪੀ.ਆਰ. ਹਫ਼ਤੇ ਦੌਰਾਨ ਟਰੇਨਿੰਗ ਕੈਂਪ ਕੀਤਾ ਆਯੋਜਿਤ

ਪ੍ਰਕਾਸ਼ਨ ਦੀ ਮਿਤੀ : 15/10/2025
Health Department Rupnagar organizes training camp during CPR week

ਸਿਹਤ ਵਿਭਾਗ ਰੂਪਨਗਰ ਵੱਲੋਂ ਮਨਾਏ ਜਾ ਰਹੇ ਸੀ.ਪੀ.ਆਰ. ਹਫ਼ਤੇ ਦੌਰਾਨ ਟਰੇਨਿੰਗ ਕੈਂਪ ਕੀਤਾ ਆਯੋਜਿਤ

ਰੂਪਨਗਰ, 15 ਅਕਤੂਬਰ: ਸਿਹਤ ਵਿਭਾਗ ਰੂਪਨਗਰ ਵੱਲੋਂ “ਸੀ.ਪੀ.ਆਰ. ਹਫ਼ਤਾ” ਮਿਤੀ 13 ਤੋਂ 17 ਅਕਤੂਬਰ ਤੱਕ ਮਨਾਉਂਦੇ ਹੋਏ ਅੱਜ ਇਕ ਵਿਸ਼ੇਸ਼ ਸਿਖਲਾਈ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਆਮ ਲੋਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਦਿਲ ਦੀ ਗਤੀ ਰੁਕਣ ਦੀ ਸਥਿਤੀ ਵਿੱਚ ਤੁਰੰਤ ਜਾਨ ਬਚਾਉਣ ਵਾਲੀ ਸੀ.ਪੀ.ਆਰ. ਤਕਨੀਕ ਬਾਰੇ ਜਾਣਕਾਰੀ ਅਤੇ ਮੁੱਢਲੀ ਸਿੱਖਿਆ ਪ੍ਰਦਾਨ ਕਰਨਾ ਸੀ।

ਇਸ ਮੌਕੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੀ.ਪੀ.ਆਰ. (ਕਾਰਡੀਓ ਪਲਮਨਰੀ ਰੇਸੁਸਕਿਟੇਸ਼ਨ) ਇੱਕ ਅਜਿਹੀ ਜ਼ਰੂਰੀ ਤਕਨੀਕ ਹੈ ਜੋ ਕਿਸੇ ਵਿਅਕਤੀ ਦੀ ਸਾਹ ਜਾਂ ਧੜਕਨ ਰੁਕ ਜਾਣ ’ਤੇ ਉਸਦੀ ਜ਼ਿੰਦਗੀ ਬਚਾਉਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ-ਸਿਰ ਕਿਸੇ ਵੀ ਵਿਅਕਤੀ ਵੱਲੋਂ ਸੀ.ਪੀ.ਆਰ. ਦਿੱਤਾ ਜਾਵੇ ਤਾਂ ਮੌਤ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਡਾ. ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਸੀ.ਪੀ.ਆਰ. ਹਫ਼ਤੇ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਨ ਬਚਾਉਣ ਦੀਆਂ ਤਕਨੀਕਾਂ ਨਾਲ ਜੋੜਨਾ ਅਤੇ ਹਰ ਵਿਅਕਤੀ ਨੂੰ ਐਮਰਜੈਂਸੀ ਸਥਿਤੀਆਂ ਲਈ ਤਿਆਰ ਕਰਨਾ ਹੈ। ਇਸ ਹਫ਼ਤੇ ਦੌਰਾਨ ਜ਼ਿਲ੍ਹਾ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲਾਂ, ਸਮੂਹਕ ਸਿਹਤ ਕੇਂਦਰਾਂ ਤੇ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਵੀ ਇਨ੍ਹਾਂ ਟ੍ਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।

ਇਸ ਮੌਕੇ ਐਨਸਥੀਸੀਆ ਡਾ. ਸੰਜੀਵ ਜਿੰਦਲ ਤੇ ਮੈਡੀਕਲ ਅਫਸਰ ਡਾ. ਰੁਚੀ ਰੈਨਾ ਨੇ ਸੀ.ਪੀ.ਆਰ. ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪ੍ਰਾਇਗਿਕ ਤੌਰ ’ਤੇ ਡੈਮੋਨਸਟ੍ਰੇਸ਼ਨ ਕਰਵਾਇਆ। ਉਨ੍ਹਾਂ ਕਿਹਾ ਕਿ ਸੀ.ਪੀ.ਆਰ. ਦੇ ਤਿੰਨ ਮੁੱਖ ਹਿੱਸੇ – “ਚੈਸਟ ਕੰਪ੍ਰੈਸ਼ਨ”, “ਏਅਰਵੇ ਖੋਲ੍ਹਣਾ” ਅਤੇ “ਬ੍ਰੀਦਿੰਗ” ਹਨ, ਜਿਨ੍ਹਾਂ ਦੀ ਸਹੀ ਕ੍ਰਮ ਵਿੱਚ ਅਭਿਆਸ ਨਾਲ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।

ਸੈਸ਼ਨ ਦੌਰਾਨ ਸਿਹਤ ਵਿਭਾਗ ਦੇ ਡਾਕਟਰਾਂ, ਮੈਡੀਕਲ ਸਟਾਫ ਅਤੇ ਨਰਸਿੰਗ ਵਿਦਿਅਰਥਣਾਂ ਨੇ ਹਿੱਸਾ ਲਿਆ ਅਤੇ ਤਕਨੀਕਾਂ ਦਾ ਅਭਿਆਸ ਕੀਤਾ। ਭਾਗੀਦਾਰਾਂ ਨੇ ਇਸ ਟ੍ਰੇਨਿੰਗ ਨੂੰ ਬਹੁਤ ਲਾਭਕਾਰੀ ਦੱਸਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਐਮਰਜੈਂਸੀ ਸਥਿਤੀਆਂ ਵਿੱਚ ਵਿਸ਼ਵਾਸ ਨਾਲ ਕਾਰਵਾਈ ਕਰਨ ਦੀ ਸਮਰੱਥਾ ਵਿਕਸਿਤ ਹੁੰਦੀ ਹੈ।

ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰੂਪਨਗਰ ਡਾ. ਸਿਮਰਨਜੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਭਵਿੱਖ ਵਿੱਚ ਵੀ ਇਨ੍ਹਾਂ ਜਾਨ ਬਚਾਉਣ ਵਾਲੀਆਂ ਤਕਨੀਕਾਂ ਦੀ ਸਿਖਲਾਈ ਲਈ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਅਤੇ ਜਨਸੇਵਾ ਸੰਸਥਾਵਾਂ ਨਾਲ ਸਾਂਝ ਕਰੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਐਮਰਜੈਂਸੀ ਮੌਕੇ ਕਿਸੇ ਦੀ ਧੜਕਨ ਰੁਕ ਜਾਵੇ, ਉਥੇ ਤੁਰੰਤ ਸੀ.ਪੀ.ਆਰ. ਦੇਣ ਤੋਂ ਹਿਚਕਚਾਉਣਾ ਨਹੀਂ ਚਾਹੀਦਾ।

ਸੈਸ਼ਨ ਦੇ ਅੰਤ ’ਤੇ ਭਾਗੀਦਾਰਾਂ ਵੱਲੋਂ ਜਾਨ ਬਚਾਉਣ ਦਾ ਹਲਫ਼ ਲਿਆ ਗਿਆ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ, ਜ਼ਿਲ੍ਹਾ ਐਪੀਡਮੋਲਜਿਸਟ ਡਾ. ਹਰਲੀਨ ਕੌਰ, ਡਾ. ਰਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਿਤੂ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਹਾਜ਼ਰ ਸਨ।