ਸਿਵਲ ਹਸਪਤਾਲ ਰੂਪਨਗਰ ਵਿਖੇ ਰਾਸ਼ਟਰੀ ਸੰਤੁਲਿਤ ਖੁਰਾਕ ਹਫ਼ਤਾ ਦੇ ਸਬੰਧ ‘ਚ ਜਾਗਰੂਕਤਾ ਸੈਮੀਨਾਰ ਕਰਵਾਇਆ

ਸਿਵਲ ਹਸਪਤਾਲ ਰੂਪਨਗਰ ਵਿਖੇ ਰਾਸ਼ਟਰੀ ਸੰਤੁਲਿਤ ਖੁਰਾਕ ਹਫ਼ਤਾ ਦੇ ਸਬੰਧ ‘ਚ ਜਾਗਰੂਕਤਾ ਸੈਮੀਨਾਰ ਕਰਵਾਇਆ
ਰੂਪਨਗਰ, 05 ਸਤੰਬਰ: ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਸੰਤੁਲਿਤ ਖੁਰਾਕ ਹਫ਼ਤਾ ਦੇ ਸਬੰਧ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਨਵਰੂਪ ਕੌਰ ਨੇ ਦੱਸਿਆ ਕਿ ਰਾਸ਼ਟਰੀ ਸੰਤੁਲਿਤ ਖੁਰਾਕ ਹਫ਼ਤਾ ਹਰ ਸਾਲ 01 ਸਤੰਬਰ ਤੋਂ 07 ਸਤੰਬਰ ਤੱਕ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਸਰਕਾਰ ਰਾਹੀਂ ਕੀਤੀਆਂ ਗਈਆਂ ਪਹਿਲਕਦਮੀਆਂ ਪੋਸ਼ਣ ਅਤੇ ਚੰਗੇ ਭੋਜਨ, ਸਿਹਤਮੰਦ ਸਰੀਰ, ਦਿਮਾਗ ਅਤੇ ਜੀਵਨ ਸ਼ੈਲੀ ‘ਤੇ ਕੇਂਦ੍ਰਿਤ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਇਸ ਸਾਲ ਦੀ ਥੀਮ “ਹਰ ਕਿਸੇ ਲਈ ਪੌਸ਼ਟਿਕ ਆਹਾਰ ਜਰੂਰੀ“ ਥੀਮ ਦੇ ਤਹਿਤ ਇੱਕ ਜਾਗਰੂਕਤਾ ਕੈਂਪ ਹੈ।
ਡਾ. ਨਵਰੂਪ ਕੌਰ ਵੱਲੋਂ ਹਾਜ਼ਰ ਔਰਤਾਂ ਨੂੰ ਜਾਗਰੂਕ ਮਾਂ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ 0-6 ਮਹੀਨੇ ਵਿੱਚ ਬੱਚੇ ਲਈ ਮਾਂ ਦੇ ਦੁੱਧ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਮਾਵਾਂ ਨੂੰ ਆਪਣੇ ਬੱਚੇ ਨੂੰ ਆਪਣਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਨਰੋਆ ਤੇ ਸਿਹਤਮੰਦ ਰਹਿ ਸਕੇ। ਉਨਾਂ ਕਿਹਾ ਕਿ ਪੋਸ਼ਣ ਅਭਿਆਨ ਦਾ ਮੁੱਖ ਮੰਤਵ, ਬੱਚਿਆਂ ਵਿੱਚ ਕੁਪੋਸ਼ਣ ਤੋਂ ਬਚਾਅ ਕਰਨਾ, ਕੁਪੋਸ਼ਣ ਦੇ ਸ਼ਿਕਾਰ/ਘੱਟ ਭਾਰ ਵਾਲੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 6 ਮਹੀਨੇ ਤੋਂ 59 ਮਹੀਨੇ ਤੱਕ ਦੇ ਬੱਚਿਆਂ ਵਿਚ ਅਨੀਮੀਆ ਸ਼ਿਕਾਰ ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 15 ਤੋਂ 49 ਸਾਲ ਤੱਕ ਦੀਆਂ ਬੱਚੀਆਂ ਅਤੇ ਔਰਤਾਂ ਵਿਚ ਅਨੀਮੀਆ ’ਤੇ ਕੰਟਰੋਲ ਕਰਨਾ, ਘੱਟ ਭਾਰ ਵਾਲੇ ਬੱਚਿਆਂ ਦੇ ਜਨਮ ਦੀ ਗਿਣਤੀ ਵਿਚ ਸੁਧਾਰ ਕਰਨਾ ਹੈ।
ਗਰਭ ਦੌਰਾਨ ਦੌਰਾਨ ਜਰੂਰੀ ਪੋਸ਼ਣ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਨੂੰ ਵੱਧ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ ਤਾਂ ਜੋ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਰਹਿਣ। ਗਰਭ ਅਵਸਥਾ ਵਿੱਚ ਆਇਰਨ, ਕੈਲਸ਼ੀਅਮ, ਫੋਲਿਕ ਐਸਿਡ ਅਤੇ ਪ੍ਰੋਟੀਨ ਵਾਲੀ ਖੁਰਾਕ ਲੈਣੀ ਬਹੁਤ ਜ਼ਰੂਰੀ ਹੈ। ਇਸ ਨਾਲ ਮਹਿਲਾਵਾਂ ਵਿੱਚ ਖੂਨ ਦੀ ਘਾਟ ਨਹੀਂ ਹੁੰਦੀ ਅਤੇ ਬੱਚੇ ਦੀ ਵਿਕਾਸ ਵੀ ਸਹੀ ਢੰਗ ਨਾਲ ਹੁੰਦਾ ਹੈ। ਗਰਭਵਤੀ ਮਹਿਲਾਵਾਂ ਲਈ ਜਰੂਰੀ ਹੈ ਕਿ ਉਹ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਦੂਧ, ਦਹੀਂ, ਦਾਲਾਂ ਤੇ ਅਨਾਜ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ। ਨਾਲ ਹੀ ਤਲੀਆ, ਮਸਾਲੇਦਾਰ ਤੇ ਜੰਕ ਫੂਡ ਤੋਂ ਪਰਹੇਜ਼ ਕਰਨ।
ਇਸ ਮੌਕੇ ਬੱਚਿਆਂ ਦੇ ਮਾਹਿਰ ਰੀਆ ਮਿੱਤਲ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ ਵੱਲੋਂ ਕੈਂਪ ਦੌਰਾਨ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵਹਿਮਾਂ ਭਰਮਾਂ ਨੂੰ ਛੱਡਦੇ ਹੋਏ, ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਪੋਸ਼ਟਿਕ ਆਹਾਰ ਨੂੰ ਆਪਣੇ ਰੋਜ਼ਾਨਾ ਖਾਣੇ ਦਾ ਅਹਿਮ ਹਿੱਸਾ ਬਣਾਉਣ ਲਈ ਜ਼ੋਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ ਉਸ ਉਪਰੰਤ ਬੱਚੇ ਨੂੰ ਓਪਰੀ ਖੁਰਾਕ ਦੇਣੀ ਬਹੁਤ ਜਰੂਰੀ ਹੈ ਤਾਂ ਕਿ ਬੱਚੇ ਵਿੱਚ ਕਮਜ਼ੋਰੀ ਨਾ ਆਵੇ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਘਰ ਵਿੱਚ ਬਣਿਆ ਹਰ ਤਰ੍ਹਾਂ ਦਾ ਖਾਣਾ ਦੇਣਾ ਚਾਹੀਦਾ ਹੈ ਤੇ ਬੱਚੇ ਦੇ ਖਾਣੇ ਵਿੱਚ ਰੋਜਾਨਾ ਇੱਕ ਚਮਚ ਘੀ ਦਾ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇੱਕ ਸਾਲ ਦੇ ਹੋਣ ਤੱਕ ਬੱਚੇ ਦੀ ਖੁਰਾਕ ਮਾਂ ਦੀ ਖੁਰਾਕ ਨਾਲੋਂ ਅੱਧੀ ਹੋਣੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਬੀ.ਸੀ.ਸੀ. ਕੋਆਡੀਨੇਟਰ ਸੁਖਜੀਤ ਕੁਮਾਰ ਐਲਐਚਵੀ ਰਜਿੰਦਰ ਕੌਰ ਡਿਪਟੀ ਮਾਸ ਮੀਡੀਆ ਮੈਡਮ ਰਿਤੂ ਅਤੇ ਪਤਵੰਤੇ ਹਾਜ਼ਰ ਸਨ।