ਸਿਵਲ ਸਰਜਨ ਵੱਲੋਂ ਪ੍ਰਦੂਸ਼ਣ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦੀ ਕੀਤੀ ਗਈ ਅਪੀਲ

ਸਿਵਲ ਸਰਜਨ ਵੱਲੋਂ ਪ੍ਰਦੂਸ਼ਣ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦੀ ਕੀਤੀ ਗਈ ਅਪੀਲ
ਅਣਸੁਖਾਵੀਂ ਘਟਨਾਵਾਂ ਨਾਲ ਨਜਿੱਠਣ ਲਈ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪੂਰਨ ਪ੍ਰਬੰਧ
ਰੂਪਨਗਰ, 18 ਅਕਤੂਬਰ: ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਨੇ ਸਮੂਹ ਸਿਹਤ ਸਟਾਫ ਅਤੇ ਜ਼ਿਲ੍ਹਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਭੇਂਟ ਕਰਦਿਆਂ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦਿੱਤਾ।
ਉਨ੍ਹਾਂ ਹਰੀ-ਭਰੀ ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਦੀਵਾਲੀ ਸਾਡੇ ਵਾਤਾਵਰਣ ਅਤੇ ਸਿਹਤ ਦੋਵਾਂ ਦੀ ਰੱਖਿਆ ਕਰਨ ਲਈ ਮਹੱਤਵਪੂਰਨ ਮੌਕਾ ਹੈ, ਸੋ ਇਸ ਮਹਾਨ ਤਿਉਹਾਰ ਨੂੰ ਸਿਹਤਮੰਦ ਢੰਗ ਨਾਲ ਮਨਾਉਣ ਲਈ ਸਾਡੀ ਸਾਂਝੀ ਜਿੰਮੇਵਾਰੀ ਹੈ। ਵੱਧ ਰਹੇ ਪ੍ਰਦੂਸ਼ਣ ਅਤੇ ਇਸ ਨਾਲ ਜਨ ਸਿਹਤ ‘ਤੇ ਹੋ ਰਹੇ ਬੁਰੇ ਅਸਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਜਰੂਰੀ ਹੈ ਕਿ ਅਸੀਂ ਇਸਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰੀਏ।
ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਵਾਰ ਦੀਵਾਲੀ ਦੀਆਂ ਖੁਸ਼ੀਆਂ ਨੂੰ ਮਨਾਉਣ ਲਈ ਧੂੰਆਂ ਪ੍ਰਦੂਸ਼ਣ, ਸ਼ੋਰ ਪ੍ਰਦੂਸਣ ਵਾਲੇ ਪਟਾਕਿਆਂ ਅਤੇ ਮੋਮਬੱਤੀਆਂ ਦੀ ਥਾਂ ਸਰੋਂ ਦੇ ਤੇਲ ਦੇ ਦੀਵਿਆਂ ਦੀ ਵਰਤੋਂ ਕੀਤੀ ਜਾਵੇ।
ਉਨ੍ਹਾਂ ਕਿਸਾਨ ਵੀਰਾਂ ਨੂੰ ਵੀ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਖੇਤਾਂ ਵਿੱਚ ਬਚੀ ਰਹਿੰਦ ਖੂੰਹਦ-ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਹ ਸਿਰਫ਼ ਸਾਡੇ ਆਲੇ-ਦੁਆਲੇ ਲਈ ਹੀ ਨਹੀਂ, ਸਗੋਂ ਸਾਡੀ ਸਿਹਤ ਲਈ ਵੀ ਬਹੁਤ ਲਾਭਕਾਰੀ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਦੀਵਾਲੀ ਦੇ ਮੌਕੇ ‘ਤੇ ਵਿਸਫੋਟਕ ਪਟਾਖਿਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਕਿਉਕਿ ਬਹੁਤ ਸਾਰੇ ਲੋਕਾਂ ਵਿੱਚ ਪ੍ਰਦੂਸ਼ਣ ਤੋਂ ਖਾਸਕਰ ਬੱਚਿਆਂ ਅਤੇ ਬੁਜ਼ੁਰਗਾਂ ਨੂੰ ਸਾਹ, ਅੱਖਾਂ ਅਤੇ ਚਮੜੀ ਆਦਿ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋਣ ਦਾ ਖਤਰਾ ਹੁੰਦਾ ਹੈ। ਇਸ ਲਈ ਇਸ ਵਾਰ ਹਰੇ-ਭਰੇ ਤਰੀਕੇ ਅਪਣਾਉਣ ਅਤੇ ਪਰੰਪਰਾਤਮਕ ਵਿਧੀਆਂ ਨਾਲ ਪਰਿਵਾਰਕ ਤੌਰ ‘ਤੇ ਦੀਵਾਲੀ ਦੀਆਂ ਖੁਸ਼ੀਆਂ ਦਾ ਆਨੰਦ ਮਾਨਣਾ ਸਿਹਤ ਲਈ ਵਧੀਆ ਹੈ। ਇਸ ਦੇ ਨਾਲ ਹੀ ਸਾਡੇ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਿੰਮੇਵਾਰੀ ਸਿਖਾਉਣ ਦਾ ਵੀ ਇਹ ਚੰਗਾ ਮੌਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਤਿਉਹਾਰ ਨੂੰ ਮੂਲ ਰੂਪ ਵਿੱਚ ਮਨਾਉਣ ਲਈ ਪੌਦੇ ਲਗਾਉਣ ਅਤੇ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਦੀ ਸਾਂਝੀ ਕੋਸ਼ਿਸ਼ ਵੀ ਕਰ ਸਕਦੇ ਹਾਂ।
ਉਨ੍ਹਾਂ ਵੱਲੋਂ ਮਿਠਾਈਆਂ ਦੇ ਨਿਰਮਾਤਾਵਾਂ, ਹਲਵਾਈਆਂ ਅਤੇ ਵਿਕਰੇਤਾਵਾਂ ਨੂੰ ਵੀ ਤਾਕੀਦ ਕੀਤੀ ਹੈ ਕਿ ਉਹ ਮਿਠਾਈਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਕਰਨ। ਮਿਲਾਵਟ ਵਾਲੀਆਂ ਮਿਠਾਈਆਂ ਸਿਹਤ ਲਈ ਖਤਰਨਾਕ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਦੀਵਾਲੀ ਦੇ ਮੌਕੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਟਾਫ ਅਤੇ ਸਾਜੋ ਸਮਾਨ ਦਾ ਪੂਰਨ ਪ੍ਰਬੰਧ ਕੀਤਾ ਗਿਆ ਹੈ।