ਸਿਵਲ ਸਰਜਨ ਡਾ. ਸਵਪਨਜੀਤ ਕੌਰ ਨੇ ਸਿਵਲ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ, ਸਟਾਫ਼ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਰੀ

ਸਿਵਲ ਸਰਜਨ ਡਾ. ਸਵਪਨਜੀਤ ਕੌਰ ਨੇ ਸਿਵਲ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ, ਸਟਾਫ਼ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਰੀ
ਐਮਰਜੈਂਸੀ ਸਮੇਤ ਵੱਖ-ਵੱਖ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ, ਇਲਾਜ ਅਧੀਨ ਮਰੀਜ਼ਾਂ ਦਾ ਜਾਣਿਆ ਹਾਲ
ਰੂਪਨਗਰ, 09 ਮਈ: ਸਿਵਲ ਸਰਜਨ ਡਾ. ਸਵਪਨਜੀਤ ਕੌਰ ਵੱਲੋਂ ਅੱਜ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ ਕੀਤਾ ਗਿਆ।
ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਨੇ ਐਮਰਜੈਂਸੀ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅੱਜ ਸਵੇਰੇ ਬਲੱਡ ਬੈਂਕ, ਐਮਰਜੈਂਸੀ ਵਾਰਡ ਅਤੇ ਮਾਈਨਰ ਓਟੀ ਅਤੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਸਟਾਫ ਨੂੰ ਜਰੂਰੀ ਹਦਾਇਤਾਂ ਜਾਰੀ ਕੀਤੀਆਂ। ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ।
ਡਾ. ਸਵਪਨਜੀਤ ਕੌਰ ਨੇ ਐਮਰਜੰਸੀ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਐਮਰਜੈਂਸੀ ਪ੍ਰਤਿਕਿਰਿਆ ਦੀ ਤਿਆਰੀ ਸਬੰਧੀ ਲਈ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਸੁਨਿਸ਼ਚਿਤ ਕੀਤੇ ਜਾਣ ਐਮਰਜੈਂਸੀ ਸੇਵਾਵਾਂ ਲਈ ਓਪਰੇਸ਼ਨ ਥੀਏਟਰ ਕਾਰਜ ਸ਼ੀਲ ਸਥਿਤੀ ਵਿੱਚ ਰੱਖੇ ਜਾਣ, ਦਵਾਈਆਂ ਦਾ ਉਚਿਤ ਮਾਤਰਾ ਵਿੱਚ ਸਟੋਕ ਹੋਵੇ, ਜ਼ਿਲ੍ਹੇ ਦੇ ਬਲੱਡ ਬੈਂਕਾਂ ਵਿਚ ਖੂਨ ਦਾ ਪੂਰਾ ਪ੍ਰਬੰਧ ਹੋਵੇ।
ਉਨ੍ਹਾਂ ਜ਼ਿਲ੍ਹੇ ਦੇ ਸਾਰੇ ਸਟਾਫ ਨੂੰ ਹਦਾਇਤ ਕੀਤੀ ਹੈ ਕਿ ਜੋ ਵੀ ਕਰਮਚਾਰੀ ਛੁੱਟੀ ਤੇ ਹਨ ਉਹ ਆਪਣੀ ਛੁੱਟੀ ਰੱਦ ਕਰਕੇ ਤੁਰੰਤ ਡਿਊਟੀ ਜੁਆਇਨ ਕਰਨ, ਸਾਰਾ ਸਟਾਫ ਆਪਣਾ ਮੋਬਾਇਲ 24 ਘੰਟੇ ਖੁੱਲ੍ਹਾ ਰੱਖੇਗਾ ਅਤੇ ਜਰੂਰਤ ਪੈਣ ਤੇ ਉਨ੍ਹਾਂ ਨੂੰ ਕਦੀ ਵੀ ਡਿਊਟੀ ਤੇ ਬੁਲਾਇਆ ਜਾ ਸਕਦਾ ਹੈ।
ਇਸ ਦੌਰਾਨ ਉਨ੍ਹਾਂ ਐਮਰਜੈਂਸੀ, ਓ.ਪੀ.ਡੀ. ਜੱਚਾ-ਬੱਚਾ ਵਿਭਾਗ, ਫਾਰਮੇਸੀ ਆਦਿ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ।