ਸ਼ਾਂਟੀ ਭੱਠਾ ਅਤੇ ਚਮਕੌਰ ਭੱਠਾ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਸਫਲਤਾਪੂਰਵਕ ਆਯੋਜਿਤ

ਸ਼ਾਂਟੀ ਭੱਠਾ ਅਤੇ ਚਮਕੌਰ ਭੱਠਾ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਸਫਲਤਾਪੂਰਵਕ ਆਯੋਜਿਤ
ਰੂਪਨਗਰ, 25 ਮਾਰਚ: ਆਯੁਸ਼ਮਾਨ ਆਰੋਗਿਆ ਕੇਂਦਰ, ਭੰਗਾਲਾ ਦੀ ਪੈਰਾ-ਮੈਡੀਕਲ ਟੀਮ ਵੱਲੋਂ ਸ਼ਾਂਟੀ ਭੱਠਾ ਅਤੇ ਚਮਕੌਰ ਭੱਠਾ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਹੈਲਥ ਵਰਕਰ ਸਵੀਤਾ ਅਤੇ ਆਸ਼ਾ ਵਰਕਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ।
ਕੈਂਪ ਦੌਰਾਨ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਹੋਰ ਲੋੜਵੰਦ ਵਿਅਕਤੀਆਂ ਨੂੰ ਮਹੱਤਵਪੂਰਨ ਟੀਕਿਆਂ ਦੀ ਖੁਰਾਕ ਦਿੱਤੀ ਗਈ, ਜਿਸ ਵਿੱਚ ਖਸਰਾ-ਰੁਬੈਲਾ, ਪੋਲਿਓ, ਡਿਫਥੀਰੀਆ, ਟੈਟਨਸ, ਕਾਲੀ ਖੰਘ ਅਤੇ ਹੋਰ ਬਿਮਾਰੀਆਂ ਦੇ ਟੀਕੇ ਸ਼ਾਮਲ ਸਨ।
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਕੈਂਪ ਦੀ ਸਿੱਧੀ ਨਿਗਰਾਨੀ ਕੀਤੀ ਅਤੇ ਕਿਹਾ, “ਟੀਕਾਕਰਨ ਬਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਸਿਹਤ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਹਰ ਲੋੜਵੰਦ ਵਿਅਕਤੀ ਤੱਕ ਵੈਕਸੀਨ ਦੀ ਪਹੁੰਚ ਹੋਵੇ।” ਉਨ੍ਹਾਂ ਨੇ ਟੀਮ ਦੀ ਵਧਾਈ ਵੀ ਕੀਤੀ ਅਤੇ ਲੋਕਾਂ ਨੂੰ ਸਮੇਂ-ਸਮੇਂ ‘ਤੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।
ਹੈਲਥ ਵਰਕਰ ਸਵੀਤਾ ਅਤੇ ਆਸ਼ਾ ਵਰਕਰ ਜਸਵਿੰਦਰ ਕੌਰ ਨੇ ਵੀ ਲੋਕਾਂ ਨੂੰ ਟੀਕਾਕਰਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਸਿਹਤ ਸੰਬੰਧੀ ਚੈੱਕਅੱਪ ਕਰਵਾਉਣ ਲਈ ਉਤਸ਼ਾਹਿਤ ਕੀਤਾ।
ਇਹ ਮੁਹਿੰਮ ਸਮਾਜ ਵਿੱਚ ਹਰ ਵਿਅਕਤੀ ਤੱਕ ਵੈਕਸੀਨ ਦੀ ਪਹੁੰਚ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੇ ਉਦੇਸ਼ ਨਾਲ ਚਲਾਈ ਗਈ।