ਸ਼ਹੀਦ ਭਗਤ ਸਿੰਘ ਚੌਂਕ ਟੈਕਸੀ ਸਟੈਂਡ ‘ਤੇ ਲੋਕਾਂ ਨੂੰ ਐਚ.ਆਈ.ਵੀ/ਏਡਜ਼, ਹੈਪੇਟਾਇਟਿਸ, ਨਸ਼ਿਆਂ ਸੰਬੰਧੀ ਜਾਗਰੂਕ ਕੀਤਾ

ਸ਼ਹੀਦ ਭਗਤ ਸਿੰਘ ਚੌਂਕ ਟੈਕਸੀ ਸਟੈਂਡ ‘ਤੇ ਲੋਕਾਂ ਨੂੰ ਐਚ.ਆਈ.ਵੀ/ਏਡਜ਼, ਹੈਪੇਟਾਇਟਿਸ, ਨਸ਼ਿਆਂ ਸੰਬੰਧੀ ਜਾਗਰੂਕ ਕੀਤਾ
ਰੂਪਨਗਰ, 19 ਸਤੰਬਰ: ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰ ਬਲਦੇਵ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਦੀ ਰਹਿਨੁਮਾਈ ਹੇਠ ਅੱਜ ਸ਼ਹੀਦ ਭਗਤ ਸਿੰਘ ਚੌਂਕ ਟੈਕਸੀ ਸਟੈਂਡ ਤੇ ਲੋਕਾਂ ਨੂੰ ਐਚ.ਆਈ.ਵੀ/ਏਡਜ਼, ਹੈਪੇਟਾਇਟਿਸ, ਨਸ਼ਿਆ ਸੰਬੰਧੀ ਜਾਗਰੂਕ ਕੀਤਾ।
ਇਸ ਮੌਕੇ ‘ਤੇ ਬੋਲਦਿਆਂ ਜਸਜੀਤ ਕੌਰ ਮੈਂਟਲ ਹੈਲਥ ਕੌਂਸਲਰ, ਪ੍ਰਭਜੋਤ ਕੌਰ ਨੇ ਕਿਹਾ ਕਿ ਐੱਚ. ਆਈ. ਵੀ. ਤੋਂ ਇਨਫੈਕਟਿਡ ਵਿਅਕਤੀ ਆਪਣੀ ਬਾਕੀ ਦੀ ਜ਼ਿੰਦਗੀ ‘ਚ ਇਸ ਵਾਇਰਸ ਨਾਲ ਪੀੜਤ ਰਹਿੰਦਾ ਹੈ। ਏਡਜ਼ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਏਡਜ਼ ਅਤੇ ਇਸ ਤੋਂ ਬਚਾਅ ਬਾਰੇ ਜਾਣਕਾਰੀ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਬਿਮਾਰੀ ਦੀ ਜਾਣਕਾਰੀ ਲੈਣ ਵਿੱਚ ਕਦੀ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਤੁਸੀਂ ਖੁਦ ਵੀ ਜਾਣੋ ਤੇ ਦੂਜਿਆਂ ਨੂੰ ਵੀ ਐਚ .ਆਈ. ਵੀ ਬਾਰੇ ਜਾਗਰੂਕ ਕਰੋ।
ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਐੱਚ.ਆਈ.ਵੀ ਏਡਜ਼ ਨਾਲ ਪੀੜਿਤ ਹਨ ਉਨ੍ਹਾਂ ਪ੍ਰਤੀ ਪਿਆਰ ਅਤੇ ਇੱਜ਼ਤ ਵਾਲਾ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਇਸਦੀ ਰੋਕਥਾਮ ਵਿੱਚ ਸਹਿਯੋਗ ਕਰ ਸਕਣ। ਸਾਡੇ ਪਿਆਰ ਅਤੇ ਸਹਿਯੋਗ ਨਾਲ ਉਹਨਾਂ ਨੂੰ ਸਹਾਰਾ ਮਿਲੇਗਾ ਤੇ ਉਹ ਲੰਬੇ ਸਮੇਂ ਤਕ ਸਿਹਤਮੰਦ ਜ਼ਿੰਦਗੀ ਜੀਅ ਸਕਣਗੇ।
ਉਨ੍ਹਾਂ ਕਿਹਾ ਕਿ ਇਸ ਵਾਇਰਸ ਦੇ ਵਿਚਾਰ ਤੋਂ ਦੁਰਘਟਨਾ ਜਾਂ ਬਿਮਾਰੀ ਵੇਲੇ ਮਾਨਤਾ ਪ੍ਰਾਪਤ ਬਲੱਡ ਬੈਂਕ ਤੋਂ ਹੀ ਖੂਨ ਲੈਣਾ ਚਾਹੀਦਾ ਹੈ ਅਤੇ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਇਹ ਖੂਨ ਐੱਚ.ਆਈ. ਵੀ ਮੁਕਤ ਹੈ ਅਤੇ ਅਸੁਰੱਖਿਅਤ ਜਿਨਸੀ ਸੰਬੰਧਾਂ ਤੋਂ ਬਚਣਾ ਚਾਹੀਦਾ ਹੈ। ਸੈਲੂਨ ਵਿੱਚ ਸ਼ੇਵ ਕਰਾਉਂਦੇ ਸਮੇਂ ਨਵਾਂ ਬਲੇਡ ਵਰਤਣ ਲਈ ਕਹੋ। ਏਡਜ਼ ਤੋਂ ਪੀੜਤ ਗਰਭਵਤੀ ਔਰਤ ਤੋਂ ਉਸਦੇ ਬੱਚੇ ਨੂੰ ਵੀ ਬੀਮਾਰੀ ਸੰਕਰਮਿਤ ਕਰਦੀ ਹੈ।
ਇਸੇ ਤਰਾਂ ਨਸ਼ੇ ਤੋਂ ਦੂਰ ਰਹੋ ਇਸਦੇ ਪ੍ਰਤੀ ਪੂਰੀ ਸਾਵਧਾਨ ਰਹੋ, ਨਸ਼ਾ ਕਰਨ ਲਈ ਸੂਈਆਂ, ਸਰਿੰਜਾਂ ਦੀ ਸਾਂਝੀ ਵਰਤੋਂ ਨਾ ਕਰੋ। ਇਸ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਨਸ਼ਾ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਅਤੇ ਉਸ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਘੱਟ ਕਰਦਾ ਹੈ। ਨਸ਼ੇ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਨੇ ਹੈਪੇਟਾਇਟਿਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।